ਠੱਗਾਂ ਨੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਘੜ੍ਹ ਲਏ ਹਨ। ਪਹਿਲਾਂ ਤਾਂ ਬੈਂਕ ਵਾਲੇ ਬਣ ਕੇ ਲੋਕਾਂ ਨੂੰ ਫੋਨ ਆਉਂਦੇ ਸਨ ਪਰ ਹੁਣ ਰਿਸ਼ਤੇਦਾਰ ਬਣ ਕੇ ਠੱਗ ਅਜਿਹਾ ਲੋਕਾਂ ਨੂੰ ਗੱਲਾਂ ਵਿੱਚ ਫਸਾਉਂਦੇ ਹਨ ਕਿ ਲੋਕ ਲਾਲਚ ਵਿੱਚ ਆ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਹਨ ਪਰ ਅਸਲੀਅਤ ਸਾਹਮਣੇ ਆਉਣ ਮਗਰੋਂ ਫਿਰ ਪਛਤਾਉਂਦੇ ਹਨ। ਅਜਿਹਾ ਹੀ ਮਾਮਲਾ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਬਿੰਜੋਂ ਪਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਬੰਦੇ ਕੋਲੋਂ ਫੋਨ ’ਤੇ ਰਿਸ਼ਤੇਦਾਰ ਬਣ ਕੇ ਮੋਟੀ ਰਕਮ ਭੇਜਣ ਦਾ ਲਾਰਾ ਲਾ ਕੇ 5 ਲੱਖ 80 ਹਜ਼ਾਰ ਰੁਪਏ ਠੱਗ ਲਏ।
ਸਰਵਣ ਸਿੰਘ ਪੁੱਤਰ ਰਾਜ ਸਿੰਘ ਵਾਸੀ ਬਿੰਜੋ ਨੇ ਦੱਸਿਆ ਕਿ ਉਹ ਅੱਡਾ ਕੋਟਫ਼ਤੂਹੀ ਵਿਖੇ ਗੋਬਿੰਦ ਫੈਬਰੀਕੇਸ਼ਨ ਵਰਕਸ਼ਾਪ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ 8 ਜੂਨ ਨੂੰ ਉਸ ਦੇ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਉਸ ਬੰਦੇ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਅਤੇ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਹੈ ਤੇ ਇਕ ਹਫ਼ਤੇ ਤੱਕ ਇੰਡੀਆ ਆ ਰਿਹਾ ਹੈ।
ਉਸ ਨੇ ਕਿਹਾ ਕਿ ਉਹ ਉਸ ਨੂੰ 35 ਲੱਖ 80 ਹਜ਼ਾਰ ਰੁਪਏ ਭੇਜ ਰਿਹਾ ਹੈ। ਇਸ ਵਿਚੋਂ ਕੁਝ ਪੈਸੇ ਉਸ ਨੇ ਇਕ ਦੋਸਤ ਨੂੰ ਦੇਣੇ ਹਨ ਅਤੇ ਬਾਕੀ ਪੈਸੇ ਆਪ ਰੱਖ ਲਵੇ। ਉਸ ਨੇ ਕਿਹਾ ਕਿ ਉਹ ਪਰਿਵਾਰ ਨੂੰ ਇਸ ਬਾਰੇ ਨਾ ਦੱਸੇ। ਫਰਜ਼ੀ ਰਿਸ਼ਤੇਦਾਰ ਨੇ ਉਸ ਨੂੰ ਭੇਜੀ ਰਕਮ ਦੀ ਇਕ ਰਸੀਦ ਵੀ ਪਾ ਦਿੱਤੀ ਅਤੇ ਇਕ ਖ਼ਾਤਾ ਨੰਬਰ ਦੇ ਕੇ ਉਸ ਵਿਚ ਤਿੰਨ ਲੱਖ ਰੁਪਏ ਪਾਉਣ ਲਈ ਕਿਹਾ।
ਉਸ ਨੇ ਕਿਹਾ ਉਸ ਨੇ ਅਜਿਹਾ ਹੀ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਲੱਖ ਹੋਰ ਉਸ ਦੇ ਖਾਤੇ ਵਿੱਚ ਪਾਏ ਅਤੇ ਦੋ ਦਿਨ ਬਾਅਦ ਇਕ ਲੱਖ 80 ਹਜ਼ਾਰ ਰੁਪਏ ਹੋਰ ਪਾਏ। ਉਸ ਤੋਂ ਬਾਅਦ ਉਹ ਉਸ ਕੋਲੋਂ ਹੋਰ ਪੈਸੇ ਮੰਗਣ ਲੱਗਾ ਤੇ ਧਮਕੀਆਂ ਦੇਣ ਲੱਗ ਪਿਆ, ਜਿਸ ਕਰਕੇ ਉਸ ਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਉਸ ਦੇ ਖ਼ਾਤੇ ਵਿਚ ਕੋਈ ਵੀ ਪੈਸਾ ਨਹੀਂ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਨੂੰਨ ਦੀ ਧਾਰਾ 419, 420, 120 ਬੀ, 66 ਸੀ. ਡੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: