ਲੁਧਿਆਣਾ : ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਦੋ ਸਹਾਇਕ ਸਬ-ਇੰਸਪੈਕਟਰਾਂ (ਏ.ਐਸ.ਆਈ.) ਅਤੇ ਇੱਕ ਮਹਿਲਾ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਾਲੰਟੀਅਰ ਖਿਲਾਫ਼ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ, ਜਿਨ੍ਹਾਂ ਵਿੱਚੋਂ ਦੋਸ਼ੀ 2 ਪੁਲਿਸ ਮੁਲਾਜ਼ਮਾਂ ਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੇ ਏ.ਐਸ.ਆਈ. ਤੇਜਿੰਦਰ ਸਿੰਘ (922/ਐਲ.ਡੀ.ਐਚ.), ਏਐਸਆਈ ਨਸੀਬ ਸਿੰਘ (2212/ਐਲਡੀਐਚ) ਅਤੇ ਲੇਡੀ ਪੀਐਚਜੀ ਜੋਤੀ (ਨੰਬਰ 16240) ਖਿਲਾਫ ਸੋਨੀਪਤ ਜ਼ਿਲ੍ਹਾ ਹਰਿਆਣਾ ਦੇ ਪਿੰਡ ਕਸੰਦੀ ਦੇ ਮਨਜੀਤ ਦੀ ਸ਼ਿਕਾਇਤ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮਿਤੀ 9.9.2022 ਨੂੰ ਐਫਆਈਆਰ ਨੰ: 12 ਦਰਜ ਕੀਤਾ ਹੈ। ਸਾਰੇ ਪੁਲਿਸ ਚੌਕੀ ਬੱਸ ਸਟੈਂਡ ਲੁਧਿਆਣਾ ਵਿਖੇ ਤਾਇਨਾਤ ਹਨ। ਇਸ ਮਾਮਲੇ ਵਿੱਚ ਏਐਸਆਈ ਤੇਜਿੰਦਰ ਸਿੰਘ ਅਤੇ ਲੇਡੀ ਪੀਐਚਜੀ ਜੋਤੀ ਨੂੰ ਪੁੱਛਗਿੱਛ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ ‘ਤੇ ਮੁਕੱਦਮਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਥਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 45/19, 420,467, 468, 471, 120ਬੀ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਕਰੀਬ 35 ਹੋਰ ਸਹਿ ਮੁਲਜ਼ਮ ਹਨ।
ਆਪਣੀ ਸ਼ਿਕਾਇਤ ਵਿੱਚ ਮਨਜੀਤ ਨੇ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ ‘ਤੇ ਰਾਜਪੂਤ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ, ਪਰ ਉਹ ਜਾਟ ਜਾਤੀ ਦਾ ਹੈ। ਇਸ ਪੁਲਿਸ ਕੇਸ ਵਿੱਚ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਸ਼ਿਕਾਇਤਕਰਤਾ ਨੇ ਏਐਸਆਈ ਤੇਜਿੰਦਰ ਸਿੰਘ ਕੋਲ ਆਪਣੇ ਕੇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਲਈ ਪਹੁੰਚ ਕੀਤੀ, ਜਿਸ ਨੇ ਇਸ ਸਬੰਧੀ ਉਸ ਕੋਲੋਂ 20 ਹਜ਼ਾਰ ਕਿਸ਼ਤਾਂ ਵਿੱਚ ਲਏ ਸਨ।
ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਹੈ ਕਿ 11.7.22 ਨੂੰ ਪੀ.ਐਚ.ਜੀ. ਜੋਤੀ ਨੇ ਉਸਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਉਸਦੀ ਮਦਦ ਕਰਨ ਲਈ 20,000 ਰੁਪਏ ਹੋਰ ਮੰਗੇ ਪਰ ਸੌਦਾ 15000 ਰੁਪਏ ਵਿੱਚ ਹੋਇਆ। ਗੱਲਬਾਤ ਦੌਰਾਨ ਉਸਨੇ ਸਬੂਤ ਵਜੋਂ ਉਸਦੀ ਕਾਲ ਰਿਕਾਰਡ ਕਰ ਲਈ।
ਇਹ ਵੀ ਪੜ੍ਹੋ : ਬਰਨਾਲਾ : ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬਿਆ ਨੌਜਵਾਨ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 12.9.22 ਨੂੰ ਪੀ.ਐਚ.ਜੀ. ਜੋਤੀ ਨੂੰ ਮਿਲਿਆ ਸੀ, ਜਿਸ ਨੇ ਰਿਸ਼ਵਤ ਵਜੋਂ 15000 ਰੁਪਏ ਦੀ ਮੰਗੇ ਪਰ ਉਸਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸੇ ਦਿਨ ਏ.ਐਸ.ਆਈ ਤੇਜਿੰਦਰ ਸਿੰਘ ਅਤੇ ਏ.ਐਸ.ਆਈ ਨਸੀਬ ਸਿੰਘ ਨੇ ਉਸ ਕੋਲੋਂ 500-500 ਰੁਪਏ ਰਿਸ਼ਵਤ ਲੈ ਲਈ, ਸ਼ਿਕਾਇਤ ਵਿੱਚ ਇਸ ਦੀ ਵੀਡੀਓ ਰਿਕਾਰਡਿੰਗ ਵੀ ਹੈ। ਪੜਤਾਲ ਦੌਰਾਨ ਸ਼ਿਕਾਇਤ ਵਿੱਚ ਤੱਥ ਸਹੀ ਪਾਏ ਗਏ ਅਤੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਵਿੱਚੋਂ 2 ਪੁਲਿਸ ਮੁਲਾਜ਼ਮ ਏਐਸਆਈ ਤੇਜਿੰਦਰ ਸਿੰਘ ਅਤੇ ਲੇਡੀ ਪੀਐਚਜੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: