ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਈਡੀ ਪੰਜਾਬ ਤੋਂ ਹਿਮਾਚਲ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਇਲਾਕਿਆਂ ਵਿਚ ਹੋਈ ਗੈਰ-ਕਾਨੂੰਨੀ ਮਾਈਨਿੰਗ ਦੀਆਂ ਤਸਵੀਰਾਂ ਜਾਰੀ ਕਰਨ ਦੇ ਬਾਅਦ ਇਕ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ।ਉਹ ਊਨਾ ਤੋਂ ਸਟੋਨ ਕ੍ਰਸ਼ਰ ਚਲਾਉਂਦਾ ਹੈ।
ਈਡੀ ਨੇ ਇਹ ਸਾਰੀ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਲਖਵਿੰਦਰ ਦੇ ਨਾਲ-ਨਾਲ ਈਡੀ ਨੇ ਮਾਨਵ ਖੰਨਾ, ਵਿਸ਼ਾਲ ਉਰਫ ਵਿੱਕੀ ਤੇ ਨੀਰਜ ਪ੍ਰਭਾਕਰ ਨੂੰ ਵੀ ਨਾਮਜ਼ਦ ਕੀਤਾ ਹੈ।
ਅਧਿਕਾਰੀਆਂ ਨੇ ਇਨ੍ਹਾਂ ਦੇ ਪੰਚਕੂਲਾ ਮੋਹਾਲੀ ਤੇ ਹੋਰ ਟਿਕਾਣਿਆਂ ‘ਤੇ ਵੀ ਦਬਿਸ਼ ਦਿੱਤੀ ਸੀ। ਇਨ੍ਹਾਂ ਦੇ ਜਿਥੇ-ਜਿਥੇ ਲਿੰਕ ਹਨ ਉਨ੍ਹਾਂ ਥਾਵਾਂ ‘ਤੇ ਵੀ ਈਡੀ ਦੇ ਅਧਿਕਾਰੀਆਂ ਨੇ ਪਹੁੰਚ ਬਣਾ ਕੇ ਪੁੱਛਗਿਛ ਕੀਤੀ ਸੀ। ਫੜੇ ਗਏ ਲਖਵਿੰਦਰ ਸਿੰਘ ਖਿਲਾਫ ਪੀਐੱਮੈਐਲਏ ਐਕਟ 2000 ਤਹਿਤ ਕਾਰਵਾਈ ਕੀਤੀ ਗਈ ਹੈ। ਲਖਵਿੰਦਰ ਸਿੰਘ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਮੁੱਖ ਸਰਗਣਾ ਹੈ। ਉਸ ਦੇ ਆਪਣੇ ਨਾਂ ‘ਤੇ ਕਈ ਮਾਈਨਿੰਗ ਦੇ ਠੇਕੇ ਹਨ। ਊਨਾ ਜ਼ਿਲ੍ਹੇ ਵਿਚ ਹੀ ਲਖਵਿੰਦਰ ਦੇ ਆਪਣੇ ਕਈ ਸਟੋਨ ਕ੍ਰਸ਼ਰ ਤੇ ਮਾਈਨਿੰਗ ਸਾਈਟਾਂ ਹਨ।
ਇਸ ਤੋਂ ਪਹਿਲਾਂ ਪੰਜਾਬ ਨਾਲ ਲੱਗਦੇ ਊਨਾ ਜ਼ਿਲ੍ਹੇ ਦੇ ਹਰੋਲੀ ਇਲਾਕੇ ‘ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰੋਲੀ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਵੱਡਾ ਹੋਣ ‘ਤੇ ਈਡੀ ਨੇ ਇਸ ਨੂੰ ਆਪਣੇ ਹੱਥਾਂ ‘ਚ ਲਿਆ ਅਤੇ ਇਸ ‘ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ। ਈਡੀ ਨੇ ਉਨ੍ਹਾਂ ਥਾਵਾਂ ਦੀ ਮੀਟਰਿੰਗ ਵੀ ਕੀਤੀ ਸੀ ਜਿੱਥੇ ਲਖਵਿੰਦਰ ਨੇ ਪਿਛਲੇ ਸਮੇਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਇੰਨਾ ਹੀ ਨਹੀਂ ਡਰੋਨ ਰਾਹੀਂ ਫੋਟੋਗ੍ਰਾਫੀ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: