ਤਰਨ ਤਾਰਨ : ਭਰਾ ਇੱਕ-ਦੂਜੇ ਦੀਆਂ ਬਾਹਾਂ ਹੁੰਦੇ ਹਨ ਪਰ ਅੱਜ ਦੇ ਸਮੇਂ ਵਿੱਚ ਪੈਸੇ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਭਰਾ ਆਪਣੇ ਸਕੇ ਭਰਾ ਨੂੰ ਮੌਤ ਦੇ ਘਾਟ ਤੋਂ ਉਤਾਰਨ ਵਿੱਚ ਮਿੰਟ ਵੀ ਨਹੀਂ ਲਾਉਂਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ, ਜਿਥੇ ਇੱਕ ਪੰਜਾਬ ਪੁਲਿਸ ਵਿੱਚ ਤਾਇਨਾਤ ASI ਨੇ ਆਪਣੇ ਸਕੇ ਭਰਾ ਨੂੰ ਜ਼ਮੀਨ ਲਈ ਕਤਲ ਕਰ ਦਿੱਤਾ। ਥਾਣਾ ਸਦਰ ਤਰਨਤਾਰਨ ਅਧੀਨ ਆਉਂਦੇ ਪਿੰਡ ਮੱਲ ਮੋਹਰੀ ਵਿਖੇ ਇਕ ਭਰਾ ਵੱਲੋਂ ਆਪਣੇ ਸਕੇ ਭਰਾ ਨੂੰ ਮਾਮੂਲੀ ਜ਼ਮੀਨ ਦੇ ਕਬਜ਼ੇ ਨੂੰ ਲੈ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਕਤਲ ਕਰਨ ਵਾਲਾ ਮੁਲਜ਼ਮ ਪੰਜਾਬ ਪੁਲਸ ਸੈਕਿੰਡ ਕਮਾਂਡੋ ਦਾ ਥਾਣੇਦਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੀ ਨਿੱਜੀ ਰਿਵਾਲਵਰ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਣੇ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਏ ਹਨ, ਜਿਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਮੱਲ ਮੋਹਰੀ ਨਾਲ ਉਸ ਦੇ ਸਕੇ ਭਰਾ ਬਿਕਰਮਜੀਤ ਸਿੰਘ, ਜੋ ਪੰਜਾਬ ਪੁਲਿਸ ’ਚ ਬਤੌਰ ਏ.ਐੱਸ.ਆਈ. ਤਾਇਨਾਤ ਹੈ, ਦਾ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸ ਨੂੰ ਲੈ ਕੇ ਐਤਵਾਰ ਸ਼ਾਮ ਬਿਕਰਮਜੀਤ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਦੇ ਘਰ ਮੂਹਰੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਔਰਤਾਂ ਸਣੇ ਹਜ਼ਾਰਾਂ ਨੌਜਵਾਨ, ਲੰਗਰ ਹੋ ਰਹੇ ਤਿਆਰ
ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ’ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਤਰਨਤਾਰਨ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: