ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਿੱਚ ਕਈ ਥਾਵਾਂ ਤੇ ਬੰਬ ਤੇ ਗੋਲੀਆਂ ਚੱਲਣਗੀਆਂ, ਇਸ ਦੌਰਾਨ ਟ੍ਰੈਫਿਕ ਨੂੰ ਵੀ ਰੋਕਿਆ ਜਾ ਸਕਦਾ ਹੈ। ਜੀ ਹਾਂ ਇਹ ਅਸੀਂ ਨਹੀਂ ਬਲਕਿ ਖੁਦ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ..
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ. ਅਰੁਣਪਾਲ ਸਿੰਘ ਨੇ ਦੱਸਿਆ ਕਿ 04 ਨਵੰਬਰ ਨੂੰ ਨੈਸ਼ਨਲ ਸਕਿਉਰਿਟੀ ਗਾਰਡ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਕਿਸੇ ਵੀ ਵੱਡੇ ਹਮਲੇ ਨਾਲ ਨਜਿੱਠਣ ਦੀ ਤਿਆਰੀ ਲਈ ਜੰਗੀ ਅਭਿਆਸ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਹੈਂਡ ਗਰਨੇਡ ਅਤੇ ਹੋਰ ਬੰਬ ਧਮਾਕਿਆਂ ਦੀ ਆਵਾਜ਼ ਅਤੇ ਪ੍ਰਭਾਵ ਦੀ ਵਰਤੋਂ ਅਭਿਆਸ ਲਈ ਕੀਤੀ ਜਾਵੇਗੀ।ਇਸ ਦੌਰਾਨ ਪੁਲਿਸ ਅਤੇ ਨੈਸ਼ਨਲ ਸਕਿਊਰਿਟੀ ਗਾਰਡ ਦੇ ਜਵਾਨਾਂ ਵਲੋਂ ਅਗਨੀ ਸ਼ਾਸ਼ਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਪੁਲਿਸ ਨੂੰ ਹਾਈਟੈਕ ਬਣਾਉਣ ਲਈ ਅਜਿਹੇ ਅਭਿਆਸਾਂ ਦੀ ਸਖ਼ਤ ਲੋੜ ਹੁੰਦੀ ਹੈ ਅਤੇ ਸਾਨੂੰ ਨੈਸ਼ਨਲ ਸਕਿਉਰਿਟੀ ਗਾਰਡ ਨੇ ਇਸ ਕੰਮ ਲਈ ਚੁਣਿਆ ਹੈ, ਜੋ ਕਿ ਚੰਗੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਵਾਜਾਈ ਵੀ ਰੋਕੀ ਜਾਵੇਗੀ, ਮੀਡੀਆ ਦਾ ਦਖਲ ਵੀ ਰੋਕਿਆ ਜਾਵੇਗਾ ਅਤੇ ਮੈਡੀਕਲ ਸੇਵਾਵਾਂ ਲਈ ਐਂਬੂਲੈਂਸ ਦੀ ਵਰਤੋਂ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਅਭਿਆਸ ਕੱਲ੍ਹ ਦੁਪਹਿਰ ਤੋਂ ਪਰਸੋਂ ਭਾਵ 4 ਨਵੰਬਰ ਤੱਕ ਚੱਲਣਗੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇਸ ਲਈ ਰੇਲਵੇ ਸਟੇਸ਼ਨ, ਖੰਨਾ ਪੇਪਰ ਮਿੱਲ, ਸਰਕਾਰੀ ਮੈਡੀਕਲ ਕਾਲਜ, ਪੁਲਿਸ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਹਵਾਈ ਅੱਡਾ, ਅਦਾਲਤ ਕੰਪਲੈਕਸ, ਤਾਜ ਹੋਟਲ, ਟ੍ਰੀਲਿਅਮ ਮਾਲ ਆਦਿ ਥਾਵਾਂ ਨੂੰ ਚੁਣਿਆ ਹੈ, ਇਸ ਅਭਿਆਸ ਨਾਲ ਜਿੱਥੇ ਸਾਨੂੰ ਅਜਿਹੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨੱਜਿਠਣ ਲਈ ਤਾਕਤ ਮਿਲੇਗੀ ਉਥੇ ਸਾਨੂੰ ਸਾਡੀਆਂ ਕਮੀਆਂ ਦਾ ਵੀ ਪਤਾ ਲਗੇਗਾ ਜਿਸਨੂੰ ਦੂਰ ਕੀਤਾ ਜਾਵੇਗਾ।
ਡਰਨਾ ਨਹੀਂ ਕਿਉਂਕਿ ਇਹ ਪੁਲਿਸ ਦੇ ਅਭਿਆਸ ਦਾ ਹਿੱਸਾ ਹੈ – ਡਿਪਟੀ ਕਮਿਸ਼ਨਰ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਵਾਜ਼ਾਂ ਤੋਂ ਡਰਨ ਨਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਕਿਉਂਕਿ ਇਹ ਕੇਵਲ ਪੁਲਿਸ ਦੇ ਅਭਿਆਸ ਲਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੋਈ ਵੀ ਵਿਅਕਤੀ ਸਵੈ ਰੱਖਿਆ ਲਈ ਆਪਣੇ ਲਾਇਸੰਸੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਦੱਸਿਆ ਕਿ ਅਸੀਂ ਇਸ ਮਹੱਤਵਪੂਰਨ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਜ਼ਰੂਰੀ ਸੇਵਾਵਾਂ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਸ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਅੱਜ ਇਸ ਬਾਬਤ ਦੋਹਾਂ ਅਧਿਕਾਰੀਆਂ ਨੇ ਨੈਸ਼ਨਲ ਸਕਿਉਰਿਟੀ ਗਾਰਡ, ਪੁਲਿਸ ਅਤੇ ਸਿਵਲ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: