ਹਰਵਿੰਦਰ ਰਿੰਦਾ ਦੀ ਮੌਤ ਅਜੇ ਵੀ ਸਸਪੈਂਸ ਬਣੀ ਹੋਈ ਹੈ। ਇੱਕ ਪਾਸੇ ਉਸ ਦੀ ਮੌਤ ਦੀਆਂ ਖਬਰਾਂ ਤੇ ਦੂਜੇ ਪਾਸੇ ਨਾ ਤਾਂ ਇਸ ਬਾਰੇ ਸਰਕਾਰ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕੋਈ ਪੁਸ਼ਟੀ ਹੋਈ ਹੈ ਉੱਤੋਂ ਰਿੰਦਾ ਦੇ ਅਕਾਊਂਟ ਤੋਂ ਉਸ ਦੀ ਪੋਸਟ ਨੇ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਉਹ ਬਿਲਕੁਲ ਠੀਕ-ਠਾਕ ਹੈ।
ਰਿੰਦਾ ਦੀ ਮੌਤ ਅਤੇ ਇਟਲੀ ਵਿੱਚ ਹੈਪੀ ਕਤਲਕਾਂਡ ਦੀ ਜ਼ਿੰਮੇਵਾਰੀ ਅੱਤਵਾਦੀ ਲਖਬੀਰ ਸਿੰਘ ਲੰਡਾ ਵੱਲੋਂ ਲੈਣ ਦੀ ਖ਼ਬਰ ਤੋਂ ਬਾਅਦ ਹੁਣ ਕੈਨੇਡਾ ਬੈਠੇ ਦੋਵਾਂ ਦੇ ਦੁਸ਼ਮਣ ਗੈਂਗਸਟਰ ਅਰਸ਼ ਡੱਲਾ ਦਾ ਬਿਆਨ ਆਇਆ ਹੈ। ਉਸ ਨੇ ਕਿਹਾ ਕਿ ਜੇਕਰ ਰਿੰਦਾ ਜ਼ਿੰਦਾ ਹੈ ਤਾਂ ਇੰਟਰਵਿਊ ਦੇਵੇ, ਆਪਣੀ ਆਵਾਜ਼ ਸੁਣਾਏ। ਅਰਸ਼ ਡੱਲਾ ਅਨੁਸਾਰ, ‘ਸਾਡੇ ਭਰਾ ਜੈਪਾਲ ਨੇ ਹਰਵਿੰਦਰ ਰਿੰਦਾ ਨੂੰ ਪਾਕਿਸਤਾਨ ਵਿੱਚ ਸੈਟਲ ਕੀਤਾ ਸੀ। ਪਰ ਰਿੰਦਾ ਸਾਡੇ ਵਿਰੋਧੀਆਂ ਨਾਲ ਹੀ ਮਿਲ ਗਿਆ ਸੀ। ਉਹ ਗੋਲਡੀ ਬਰਾੜ ਨੂੰ ਮਿਲਿਆ ਸੀ ਅਤੇ ਉਸ ਨੇ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵਰਤੇ ਹਥਿਆਰ ਪਾਕਿਸਤਾਨ ਤੋਂ ਪੰਜਾਬ ਭੇਜੇ ਸਨ।
ਅਰਸ਼ ਡੱਲਾ ਨੇ ਕਿਹਾ ਕਿ ਲਖਬੀਰ ਸਿੰਘ ਲੰਡਾ ਨੇ 2 ਸਾਲਾਂ ‘ਚ ਪੰਜਾਬ ‘ਚ 3 ਕਤਲ ਕੀਤੇ ਹਨ ਅਤੇ ਅਸੀਂ ਪੰਜਾਬ ਤੋਂ ਲੈ ਕੇ ਉੱਤਰਾਖੰਡ ਤੱਕ 2 ਸਾਲਾਂ ‘ਚ 7 ਕਤਲ ਕੀਤੇ ਹਨ। ਜੁਰਮ ਦੀ ਦੁਨੀਆ ‘ਚ ਆਉਣ ਤੋਂ ਬਾਅਦ ਲੰਡਾ ਨੇ ਪਹਿਲਾਂ ਸਾਡੇ ਕੋਲੋਂ ਪਿਸਤੌਲਾਂ ਲਈਆਂ ਅਤੇ ਫਿਰ ਸਾਡੇ ਨਾਲ ਧੋਖਾ ਕੀਤਾ। ਉਸਦੇ ਸਾਰੇ ਮੁੰਡੇ ਜੇਲ੍ਹ ਵਿੱਚ ਹਨ, ਹੁਣ ਸਾਰੇ ਉਸਨੂੰ ਗਾਲ੍ਹਾਂ ਕੱਢਦੇ ਹਨ। ਰਿੰਦਾ ਮਰ ਚੁੱਕਾ ਹੈ, ਪਰ ਹੁਣ ਲੰਡਾ ਕਹਿ ਰਿਹਾ ਹੈ ਕਿ ਉਹ ਜਿਊਂਦਾ ਹੈ। ਕਿਉਂਕਿ ਹੁਣ ਇਹ ਕਹਿ ਕੇ ਹਰਵਿੰਦਰ ਰਿੰਦਾ ਦੀ ਥਾਂ ਲੈਣਾ ਚਾਹੁੰਦਾ ਹੈ।’ ਦੂਜੇ ਪਾਸੇ ਅਮਰੀਕਾ ‘ਚ ਲੁਕੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਕੈਨੇਡਾ ਨਾ ਆਉਣ ਦੀ ਧਮਕੀ ਦਿੱਤੀ ਹੈ। ਲਖਬੀਰ ਸਿੰਘ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈਐਸ ਦਾ ਸਮਰਥਨ ਹਾਸਲ ਹੈ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਹੈ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੇਨ ਸ਼ੂਟਰ ਹੁੱਡਾ ਰਾਜਸਥਾਨ ਤੋਂ ਗ੍ਰਿਫਤਾਰ
ਦੱਸ ਦੇਈਏ ਕਿ ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ‘ਚ ਮੌਤ ਹੋਣ ਦੀ ਖਬਰ ਹੈ। ਹਾਲਾਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਜਦਕਿ ਕੁਝ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਸ ਦੌਰਾਨ ਬੰਬੀਹਾ ਗੱਗ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਰਿੰਦਾ ਨੂੰ ਮਾਰ ਕੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਸ ਦਾ ਲਾਹੌਰ ਦੇ ਜਿੰਦਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਹਰਵਿੰਦਰ ਰਿੰਦਾ ਨੂੰ ਹਸਪਤਾਲ ‘ਚ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: