ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਚਲਾਈ ਗਈ ਹੈ। ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਗ੍ਰਾਮ ਪੰਚਾਇਤ ਹਵਾਰਾ, ਬਲਾਕ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਤਾਇਨਾਤ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੂੰ 37,55,000 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਕਤ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਨੂੰ ਵਿਕਾਸ ਸਬੰਧੀ 37,55,000 ਰੁਪਏ ਦੀਆਂ ਗਰਾਂਟਾਂ ਪ੍ਰਾਪਤ ਹੋਈਆਂ ਸਨ। ਜਾਂਚ-ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਦੋਸ਼ੀ ਪੰਚਾਇਤ ਸਕੱਤਰ ਨੇ ਗੁਰਦੀਪ ਸਿੰਘ, ਜੂਨੀਅਰ ਇੰਜੀਨੀਅਰ, ਪੰਚਾਇਤੀ ਰਾਜ ਖਮਾਣੋਂ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਨੇ ਉਕਤ ਰਾਸ਼ੀ ਦਾ ਗਬਨ ਕੀਤਾ ਹੈ। ਵਿਜੀਲੈਂਸ ਬਿਊਰੋ ਨੇ 19,05,000 ਰੁਪਏ ਦਾ ਮੁਲਾਂਕਣ ਕੀਤਾ ਪਰ ਗ੍ਰਾਮ ਪੰਚਾਇਤ ਦੇ ਮਿਣਤੀ ਇੰਦਰਾਜ ਰਜਿਸਟਰ ਵਿੱਚ ਉਕਤ ਗ੍ਰਾਂਟਾਂ ਦੀ ਕੋਈ ਐਂਟਰੀ ਵੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ:ਹਸਪਤਾਲ ‘ਚ ਮਰੀਜ਼ਾਂ ਨੂੰ ਪਰੋਸੇ ਗਏ ਖਾਣੇ ‘ਚ ਮਿਲੇ ਕੀੜੇ, ਜਾਂਚ ਦੇ ਹੁਕਮ ਜਾਰੀ
ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਰਾਂਟਾਂ ਵਿੱਚ ਘਪਲਾ ਕਰਨ ਉਪਰੰਤ ਗੁਰਦੀਪ ਸਿੰਘ ਜੇ.ਈ. ਨੇ ਇਸ ਸਬੰਧੀ ਵਰਤੋਂ ਸਰਟੀਫਿਕੇਟ ‘ਤੇ ਦਸਤਖਤ ਕਰਕੇ ਇਹਨਾਂ ਨੂੰ BDOP ਖਮਾਣੋਂ ਤੋਂ ਜਾਰੀ ਕਰਵਾ ਲਿਆ ਸੀ। ਜਾਂਚ ਉਪਰੰਤ ਇਸ ਘਪਲੇ ਵਿੱਚ ਦੋਸ਼ੀ ਗੁਰਦੀਪ ਸਿੰਘ, ਜੇ.ਈ. ਅਤੇ ਬਲਦੇਵ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਇਸ ਘਪਲੇ ‘ਚ ਸ਼ਾਮਲ ਹੋਰਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: