ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਲੁਧਿਆਣਾ ਦੇ ਦੋਰਾਹਾ ਤੋਂ ਸ਼ੁਰੂ ਹੋਈ ਅਤੇ ਸਮਰਾਲਾ ਚੌਕ ਵਿਖੇ ਜਾ ਕੇ ਰੁਕੀ। ਯਾਤਰਾ ਦੌਰਾਨ ਇਕ ਨੌਜਵਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਉਸ ਦਾ ਨਾਂ ਫੈਜ਼ਲ ਚੌਧਰੀ ਹੈ। ਇਹ ਨੌਜਵਾਨ ਦਿੱਲੀ ਤੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਾਲ ਜੁੜਿਆ ਹੈ।
ਫੈਜ਼ਲ ਦਾ ਚਿਹਰਾ ਰਾਹੁਲ ਗਾਂਧੀ ਨਾਲ ਮਿਲਦਾ-ਜੁਲਦਾ ਹੈ। ਫੈਜ਼ਲ ਨੇ ਵੀ ਰਾਹੁਲ ਗਾਂਧੀ ਵਾਂਗ ਦਾੜ੍ਹੀ ਰੱਖੀ ਹੋਈ ਹੈ ਅਤੇ ਉਸ ਦਾ ਹੱਸਣ ਦਾ ਅੰਦਾਜ਼ ਵੀ ਰਾਹੁਲ ਗਾਂਧੀ ਵਰਗਾ ਸੀ। ਇਸ ਕਾਰਨ ਫੈਜ਼ਲ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ। ਜਦੋਂ ਰਾਹੁਲ ਗਾਂਧੀ ਫੈਜ਼ਲ ਨੂੰ ਮਿਲੇ ਤਾਂ ਉਹ ਵੀ ਇਕ ਵਾਰ ਹੈਰਾਨ ਰਹਿ ਗਏ। ਰਾਹੁਲ ਨੂੰ ਮਿਲਣ ਤੋਂ ਬਾਅਦ ਹਰ ਕੋਈ ਫੈਜ਼ਲ ਨਾਲ ਤਸਵੀਰਾਂ ਖਿੱਚਣ ‘ਚ ਲੱਗਾ ਹੋਇਆ ਸੀ।
ਸਵੇਰੇ ਜਦੋਂ ਫੈਜ਼ਲ ਖੰਨਾ ਤੋਂ ਨਿਕਲਿਆ ਤਾਂ ਹਰ ਕੋਈ ਹੈਰਾਨ ਸੀ ਕਿ ਰਾਹੁਲ ਗਾਂਧੀ ਇਕੱਲੇ ਕਿਵੇਂ ਤੁਰ ਪਏ? ਉਨ੍ਹਾਂ ਦਾ ਸੁਰੱਖਿਆ ਘੇਰਾ ਕਿੱਥੇ ਹੈ? ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਫੈਜ਼ਲ ਰਾਹੁਲ ਵਰਗਾ ਹੈ ਤਾਂ ਸਾਰਿਆਂ ਨੇ ਫੈਜ਼ਲ ਨੂੰ ਘੇਰ ਲਿਆ। ਸਾਰੇ ਉਸ ਨਾਲ ਸੈਲਫੀ ਲੈਣ ਲੱਗੇ। ਲੋਕ ਕਹਿੰਦੇ ਹਨ ਕਿ ਅਸੀਂ ਅਸਲੀ ਰਾਹੁਲ ਨੂੰ ਦੂਰੋਂ ਹੀ ਦੇਖ ਸਕਦੇ ਹਾਂ ਪਰ ਫੈਜ਼ਲ ਨੂੰ ਗਲੇ ਵੀ ਲਗਾ ਸਕਦੇ ਹਾਂ।
ਫੈਜ਼ਲ ਨੇ ਕਿਹਾ ਕਿ ਉਸ ਦੀ ਦਿੱਖ ਰਾਹੁਲ ਗਾਂਧੀ ਵਰਗੀ ਹੈ। ਇਸ ਕਾਰਨ ਕਈ ਲੋਕ ਧੋਖਾ ਖਾ ਜਾਂਦੇ ਹਨ। ਉਸ ਨੇ ਰਾਹੁਲ ਗਾਂਧੀ ਨਾਲ ਦਿੱਲੀ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਅੱਜ ਤੋਂ ਪਹਿਲਾਂ ਉਹ ਉੁਨ੍ਹਾਂ ਨੂੰ ਨਹੀਂ ਮਿਲਿਆ ਸੀ। ਮਿਲਣ ਦੀ ਇੱਛਾ ਸੀ, ਜੋ ਪੰਜਾਬ ਵਿੱਚ ਪੂਰੀ ਹੋ ਗਈ ਹੈ। ਰਾਹੁਲ ਵੀ ਇਕ ਵਾਰ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਫੈਜ਼ਲ ਨੇ ਰਾਹੁਲ ਨਾਲ ਕੁਝ ਮਿੰਟ ਗੱਲ ਕੀਤੀ ਅਤੇ ਕਿਹਾ ਕਿ ਰਾਹੁਲ ਬਹੁਤ ਚੰਗੇ ਇਨਸਾਨ ਹਨ। ਉਹ ਲੋਕਾਂ ਦੇ ਦਰਦ ਨੂੰ ਸਮਝਦੇ ਹਨ। ਉਹ ਵੀ ਰਾਹੁਲ ਗਾਂਧੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ। ਬੇਰੁਜ਼ਗਾਰੀ, ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ ਅਤੇ ਗਰੀਬੀ ਵੱਡੇ ਮੁੱਦੇ ਹਨ ਪਰ ਇਸ ਦੇ ਨਾਲ ਹੀ ਆਪਸੀ ਭਾਈਚਾਰਾ ਵੀ ਵੱਡਾ ਮੁੱਦਾ ਬਣ ਗਿਆ ਹੈ। ਜਦੋਂ ਤੋਂ ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਈ ਹੈ, ਆਪਸੀ ਭਾਈਚਾਰਾ ਟੁੱਟਦਾ ਜਾ ਰਿਹਾ ਹੈ। ਇਸ ਨੂੰ ਜੋੜਨ ਲਈ ਰਾਹੁਲ ਗਾਂਧੀ ਸਾਹਮਣੇ ਆਏ ਹਨ ਅਤੇ ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਆਇਆ ਬਰਫ਼ੀਲਾ ਤੂਫਾਨ, ਵੇਖੋ ਸੋਨਮਰਗ ‘ਚ ਬਰਫ਼ ਖਿਸਕਣ ਦੀਆਂ ਭਿਆਨਕ ਤਸਵੀਰਾਂ
ਵੀਡੀਓ ਲਈ ਕਲਿੱਕ ਕਰੋ -: