ਅਕਾਲੀ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਤਿੱਖੇ ਸਵਾਲ ਪੁੱਛਦਿਆਂ ਕਿਹਾ ਕਿ ਜੋ “ਪੰਥਕ ਸੂਰਮੇ” ਲੰਬੇ ਸਮੇਂ ਤੋਂ ਦਿਨ-ਰਾਤ ਸਿੱਖ ਮਸਿਲਆਂ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ. ਬਾਦਲ ਵਿਰੁੱਧ ਜ਼ਹਿਰੀਲੇ ਦੁਸ਼ਟ ਪ੍ਰਚਾਰ ਵਿਚ ਲੀਨ ਸਨ, ਅੱਜ ਉਹੀ ਸਿੱਖ ਵਿਰੋਧੀ ਸ਼ਕਤੀਆਂ ਦੇ ਖਰੀਦੇ ਹੋਏ ਏਜੰਟਾਂ ਵੱਜੋਂ ਪੂਰੀ ਤਰ੍ਹਾਂ ਨੰਗੇ ਹੋਏ ਖੜ੍ਹੇ ਹਨ। ਬੰਦੀ ਸਿੰਘ ਜੇਲ੍ਹਾਂ ਵਿੱਚ ਸੜ ਰਹੇ ਹਨ ਅਤੇ ਰਾਮ ਰਹੀਮ ਵਰਗੇ ਬਲਾਤਕਾਰੀ ਭਾਜਪਾ ਸਰਕਾਰ ਦੇ ਸਿਰ ‘ਤੇ ਦਨਦਨਾਉਂਦੇ ਫਿਰਦੇ ਹਨ ਤੇ ਦਾਦੂਵਾਲ ਵਰਗੇ ਇਹ ਸਭ ਉਸੇ ਭਾਜਪਾ ਦੇ ਮੁੱਖ ਮੰਤਰੀ ਖੱਟੜ ਦੀ ਗੋਦੀ ਵਿੱਚ ਬੈਠਕੇ ਨਿੱਘ ਮਾਣ ਰਹੇ ਹਨ।
ਗਰੇਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਤੋਂ ਸਿੱਧੀ ਟਪੂਸੀ ਮਾਰ ਕੇ ਭਾਜਪਾ ਦੀ ਝੋਲੀ ਵਿੱਚ ਜਾ ਬੈਠਣਾ ਇਹ ਹੈ ਅਕਾਲੀ ਦਲ ਤੇ ਸ. ਬਾਦਲ ਦੇ ਨਿੰਦਕ “ਮਰਜੀਵੜਿਆਂ” ਦੀ ਪੰਥ ਪ੍ਰਸਤੀ ਦੀ ਗਾਥਾ। ਹੁਣ ਕਿੱਥੇ ਹਨ ਸਰਬੱਤ ਖਾਲਸਾ ਵਾਲੇ ਹੀਰੋ? ਸ. ਬਾਦਲ ਤੇ ਅਕਾਲੀ ਦਲ ਵਿਰੁੱਧ ਰੋਜ਼ਾਨਾ ਜ਼ਹਿਰ ਉਗਲਦਾ ਭਾਈ ਰਣਜੀਤ ਸਿੰਘ ਕਿਥੇ ਹੈ? ਕਿਥੇ ਨੇ ਅਜਨਾਲਾ, ਮੰਡ, ਪੰਥਪ੍ਰੀਤ ਸਿੰਘ ਤੇ ਦਾਦੂਵਾਲ? ਇਨ੍ਹਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਮਹਾਰਾਜ ਦੀਆਂ ਝੂਠੀਆਂ ਸੁੰਹਾਂ ਖਾਧੀਆਂ ਸਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਏ ਬਗੈਰ ਇਹ ਬਰਗਾੜੀ ਮੋਰਚੇ ਤੋਂ ਨਹੀ ਉਠਣਗੇ? ਕੀ ਬਣਿਆ ਉਹਨਾਂ ਸੁੰਹਾਂ ਦਾ?
ਅਕਾਲੀ ਨੇਤਾ ਨੇ ਕਿਹਾ ਕਿ ਬਰਗਾੜੀ ਮੋਰਚੇ ਬਹਾਨੇ ਸੈਂਕੜੇ ਕਰੋੜਾਂ ਰੁਪਏ ਹੜੱਪ ਜਾਣ ਵਾਲੇ ਇਹ ਸਰਕਾਰੀ ਮਰਜੀਵੜੇ ਕੇਂਦਰੀ ਏਜੰਸੀਆਂ ਦੇ ਤਨਖਾਹੀਆਂ ਏਜੰਟ ਹਨ ਜਿਨ੍ਹਾਂ ਨੂੰ ਮਿਸ਼ਨ ਦਿੱਤਾ ਗਿਆ ਸੀ ਕਿ ਸਿੱਖਾਂ ਨੂੰ ਲੀਡਰਲੈੱਸ ਕਰ ਕੇ ਛੱਡਣਾ ਹੈ ਤਾਂ ਕਿ ਸਿੱਖ ਵਰੋਧੀ ਸ਼ਕਤੀਆਂ ਦੇ ਖ਼ਿਲਾਫ਼ ਲੜਣ ਵਾਲੀ ਅਕਾਲੀ ਦਲ ਵਰਗੀ ਕੋਈ ਸੰਸਥਾ ਰਹੇ ਹੀ ਨਾ। ਸਿੱਖਾਂ ਦੇ ਮਨਾਂ ਵਿੱਚ ਅਕਾਲੀਆਂ ਵਿਰੁੱਧ ਸ਼ੱਕ ਤੇ ਨਫਰਤ ਪੈਦਾ ਕਰਨਾ ਹੀ ਸਾਰੀ ਸਾਜਿਸ਼ ਸੀ। ਸਿੱਖਾਂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਅਤੇ ਸੰਸਥਾਵਾਂ ਵਿਰੁੱਧ ਭੜਕਾ ਕੇ ਸਿੱਖਾਂ ਦੀ ਪਾਰਟੀ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਦੁਸ਼ਮਣ ਦੇ ਗੰਡਾਸੇ ਦਾ ਹੱਥਾ ਬਣ ਕੇ ਇਨ੍ਹਾਂ ਨੇ ਕੌਮ ਨੂੰ ਖੂਬ ਗੁੰਮਰਾਹ ਕੀਤਾ ਤੇ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਸਰਕਾਰ ਬਣਾ ਕੇ ਆਪ ਉਸੇ ਭਾਜਪਾ ਤੋਂ ਵਜ਼ੀਫੇ ਲੈ ਰਹੇ ਹਨ, ਜਿਸ ਭਾਜਪਾ ਨਾਲ ਅਕਾਲੀ ਦਲ ਦੇ ਖੁੱਲ੍ਹੇ ਰਾਜਸੀ ਸਮਝੌਤੇ ਨੂੰ ਇਹ ਗੱਦਾਰੀ ਦੱਸਦੇ ਸਨ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫੈਸਲਿਆਂ ਦੀ ਕਾਪੀ ਮਿਲੇਗੀ ਹਿੰਦੀ ‘ਚ, PM ਮੋਦੀ ਨੇ CJI ਦੇ ਸੁਝਾਅ ਦੀ ਕੀਤੀ ਤਾਰੀਫ਼
ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੇ ਪੋਸਟਰਾਂ ਤੋਂ ਸ਼ੁਰੂ ਹੋ ਕੋ ਹੁਣ ਭਾਜਪਾ ਦੇ ਨੇਤਾਵਾਂ ਨਾਲ ਹੁੱਬ-ਹੁੱਬ ਕੇ ਫੋਟੋਆਂ ਖਿਚਵਾਉਣ ਵਿੱਚ ਅਤੇ ਸਿੱਖ ਕਤਲੇਆਮ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਵਾਲੇ ਪਾਪੀਆਂ ਨਾਲ ਮਾਰਚ ਕਰਨ ਵਿੱਚ ਇਨ੍ਹਾਂ “ਮਰਜੀਵੜਿਆਂ” ਨੂੰ ਰਤਾ ਸ਼ਰਮ ਨਹੀ ਹੈ। ਪਰ ਸਵਾਲ ਇਹ ਹੈ ਕਿ ਸਿੱਖ ਕੌਮ ਆਪਣੇ ਵਿਰੁੱਧ ਸਾਜਿਸ਼ ਨੂੰ ਕਦੋਂ ਸਮਝੇਗੀ? ਕੀ ਪੰਜਾਬ ਵਿੱਚ ਅਕਾਲੀ ਦਲ ਨੂੰ ਮਾਰ ਕੇ ਸਿੱਖਾਂ ਦਾ ਕੋਈ ਭਲਾ ਕੀਤਾ ਜਾ ਰਿਹਾ ਹੈ? ਸਵਾਲ ਇਹ ਹੈ?
ਵੀਡੀਓ ਲਈ ਕਲਿੱਕ ਕਰੋ -: