ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਕੁੜੀਆਂ ਦਾ 2 ਲੱਖ ਰੁਪਏ ਅਤੇ ਮੁੰਡਿਆਂ ਦਾ 4 ਤੋਂ 5 ਲੱਖ ਰੁਪਏ ਵਿੱਚ ਸੌਦਾ ਕਰਦੇ ਸਨ। ਹੁਣ ਤੱਕ ਛੇ ਬੱਚਿਆਂ ਦੀ ਤਸਕਰੀ ਦਾ ਖੁਲਾਸਾ ਹੋ ਚੁੱਕਾ ਹੈ। ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਫਰੀਦਕੋਟ ਵਾਸੀ ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜ ਦਿਨ ਦੇ ਬੱਚੇ ਤੋਂ ਇਲਾਵਾ ਪੰਜ ਹੋਰ ਬੱਚਿਆਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਹੈ। ਇਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਇਹ ਦੋਵੇਂ ਦੋਸ਼ੀ ਲੋੜਵੰਦ ਲੋਕਾਂ ਨਾਲ ਬੱਚਿਆਂ ਦਾ ਸੌਦਾ ਕਰਦੇ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬਾਲ ਤਸਕਰ ਗਿਰੋਹ ਤਿੰਨ ਟੀਮਾਂ ਵਿੱਚ ਕੰਮ ਕਰਦਾ ਸੀ। ਉਨ੍ਹਾਂ ਪਹਿਲੀ ਟੀਮ ਵਿੱਚ ਤਿੰਨ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਦੋ ਨੌਜਵਾਨ ਸੰਨੀ ਤੇ ਲੈਂਬਰ ਦੇ ਨਾਲ ਇੱਕ ਔਰਤ ਅਮਰੋਹ ਸ਼ਾਮਲ ਹੈ। ਇਹ ਟੀਮ ਗਰੀਬ ਲੋਕਾਂ ਦੇ ਸੰਪਰਕ ਵਿੱਚ ਰਹਿੰਦੀ ਸੀ। ਇਥੋਂ ਇਹ 70 ਤੋਂ 80 ਹਜ਼ਾਰ ਰੁਪਏ ਵਿੱਚ ਬੱਚਿਆਂ ਦਾ ਸੌਦਾ ਕਰਕੇ ਖਰੀਦਦੇ ਸਨ।
ਦੂਸਰੀ ਟੀਮ ਵਿੱਚ ਜੋ ਜੋੜਾ ਨਿਆਂਇਕ ਹਿਰਾਸਤ ਵਿੱਚ ਹੈ, ਕੰਮ ਕਰਦਾ ਸੀ। ਇਹ ਟੀਮ ਬੱਚੇ ਨੂੰ ਪਹਿਲੀ ਟੀਮ ਤੋਂ ਤੀਜੀ ਟੀਮ ਵਿੱਚ ਲੈ ਜਾਂਦੀ ਸੀ। ਤੀਜੀ ਟੀਮ ਵਿੱਚ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਸ਼ਾਮਲ ਸਨ। ਉਨ੍ਹਾਂ ਦਾ ਕੰਮ ਅਜਿਹੇ ਪਰਿਵਾਰਾਂ ਨਾਲ ਸੰਪਰਕ ਕਰਨਾ ਸੀ ਜਿਨ੍ਹਾਂ ਨੂੰ ਬੱਚੇ ਦੀ ਲੋੜ ਸੀ। ਇਸ ਤੋਂ ਬਾਅਦ ਉਹ ਬੱਚੇ ਦਾ ਸੌਦਾ ਕਰਕੇ ਦੋ ਲੱਖ ਤੋਂ ਪੰਜ ਲੱਖ ਰੁਪਏ ਵਿੱਚ ਵੇਚ ਦਿੰਦੇ ਸਨ।
ਦੱਸ ਦੇਈਏ ਕਿ ਬੀਤੀ 30 ਜਨਵਰੀ ਨੂੰ ਮੁਹਾਲੀ ਵਿੱਚ ਪੰਜ ਦਿਨਾਂ ਦੀ ਮਾਸੂਮ ਬੱਚੀ ਨੂੰ ਵੇਚਣ ਆਏ ਦੋ ਜੋੜਿਆਂ ਨੂੰ ਸੋਹਾਣਾ ਪੁਲੀਸ ਨੇ ਸੈਕਟਰ 86-87 ਚੌਕ ਤੋਂ ਕਾਬੂ ਕੀਤਾ ਸੀ। ਚਾਰਾਂ ਕੋਲੋਂ ਮਾਸੂਮ ਵੀ ਬਰਾਮਦ ਹੋਇਆ। ਪੁਲਿਸ ਇਸ ਗਿਰੋਹ ਦੇ ਸਰਗਨਾ ਸੰਨੀ ਦੀ ਵੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਭੂਚਾਲ ਮਗਰੋਂ ਤੁਰਕੀ ‘ਚ ਹੁਣ ਤੱਕ 435 ਝਟਕੇ, ਦਹਿਸ਼ਤ ‘ਚ ਲੋਕ, ਮੌਤਾਂ ਦਾ ਅੰਕੜਾ 8,000 ਤੋਂ ਪਾਰ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਪਰਵਿੰਦਰ ਕੌਰ ਵਾਸੀ ਪਟਿਆਲਾ ਖ਼ਿਲਾਫ਼ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਵਿੱਚ ਉਸ ਨੇ ਕਿਹਾ ਹੈ ਕਿ ਪਰਵਿੰਦਰ ਕੌਰ ਬੱਚਿਆਂ ਦੇ ਅੰਗ ਵੀ ਵੇਚਦੀ ਸੀ। ਪੁਲਿਸ ਹੁਣ ਇਸ ਸ਼ਿਕਾਇਤ ਦੀ ਜਾਂਚ ਕਰੇਗੀ। ਪੁਲਿਸ ਨੇ ਅਦਾਲਤ ਵਿੱਚ ਇਸ ਦੇ ਆਧਾਰ ’ਤੇ ਜਾਂਚ ਲਈ ਰਿਮਾਂਡ ਦੀ ਮੰਗ ਕੀਤੀ ਸੀ। ਇਸ ’ਤੇ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: