ਜਲੰਧਰ ਦੇ ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਭੰਨਤੋੜ ਕਰਕੇ ਹੰਗਾਮਾ ਕੀਤਾ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪਰਮਜੀਤ (36) ਦੀ ਲੱਤ ਵਿੱਚ ਫਰੈਕਚਰ ਹੋਣ ਮਗਰੋਂ ਉਸ ਦਾ ਆਪ੍ਰੇਸ਼ਨ ਹੋਇਆ ਸੀ। ਵਾਰਡ ‘ਚ ਸ਼ਿਫਟ ਹੋਣ ‘ਤੇ ਉਸ ਨੂੰ ਘਬਰਾਹਟ ਹੋਈ। ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਉਸ ਨੂੰ ਗਲਤ ਟੀਕਾ ਲਗਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿੱਠੂ ਬਸਤੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਸਿਰ ‘ਤੇ ਨਾ ਪਿਓ ਹੈ ਤੇ ਨਾ ਹੀ ਭਰਾ। ਸਾਰਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਮਜੀਤ ਸਿੰਘ ‘ਤੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਸੀ। ਪਿਛਲੇ ਮਹੀਨੇ ਉਸ ਦੀ ਲੱਤ ਟੁੱਟਣ ਤੋਂ ਬਾਅਦ ਉਹ ਕਰੀਬ 25 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਿਹਾ। ਉਸ ਦੀ ਲੱਤ ਦਾ ਆਪਰੇਸ਼ਨ ਹੋਇਆ ਸੀ।
ਪਰਮਜੀਤ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਲੱਤ ਦੇ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਦਰਦ ਹੋ ਰਿਹਾ ਸੀ। ਇਸ ਬਾਰੇ ਉਥੇ ਮੌਜੂਦ ਸਟਾਫ ਨੂੰ ਦਿੱਤੀ ਗਈ। ਜਦੋਂ ਸਟਾਫ ਨੇ ਉਸ ਨੂੰ ਟੀਕਾ ਲਗਾਇਆ ਤਾਂ ਉਸ ਨੂੰ ਘਬਰਾਹਟ ਹੋਣ ਲੱਗੀ। ਜਦੋਂ ਇਸ ਬਾਰੇ ਦੱਸਿਆ ਤਾਂ ਉਸ ਨੇ ਇੱਕ ਹੋਰ ਟੀਕਾ ਲਗਾ ਦਿੱਤਾ। ਦੂਜਾ ਟੀਕਾ ਲਗਾਉਣ ਤੋਂ ਬਾਅਦ ਪਰਮਜੀਤ ਦੀ ਮੌਤ ਹੋ ਗਈ।
ਜਸਵਿੰਦਰ ਕੌਰ ਨੇ ਪਰਮਜੀਤ ਦੀ ਮੌਤ ਬਾਰੇ ਉਸ ਦੇ ਪਰਿਵਾਰ ਵਾਲਿਆਂ ਨੂੰ ਫੋਨ ’ਤੇ ਦੱਸਿਆ। ਇਸ ਤੋਂ ਬਾਅਦ ਰਿਸ਼ਤੇਦਾਰ ਸਿਵਲ ਹਸਪਤਾਲ ਪੁੱਜੇ। ਗੁੱਸੇ ‘ਚ ਆਏ ਰਿਸ਼ਤੇਦਾਰਾਂ ਨੇ ਸਟਾਫ ਨਾਲ ਹੱਥੋਪਾਈ ਵੀ ਕੀਤੀ ਅਤੇ ਉਥੇ ਖਿੜਕੀਆਂ ਦੇ ਸ਼ੀਸ਼ੇ ਵੀ ਭੰਨ ਦਿੱਤੇ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਏਸੀਪੀ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਹਸਪਤਾਲ ਵਿੱਚ ਭੰਨਤੋੜ ਅਤੇ ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਨਿਰਮਲ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਅਤੇ ਭਰੋਸਾ ਦਿੱਤਾ ਕਿ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਜੇ ਕਿਸੇ ਦੀ ਗਲਤੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰਿਸ਼ਤੇਦਾਰ ਗਲਤ ਟੀਕਾ ਲਗਾ ਕੇ ਮੌਤ ਦੀ ਗੱਲ ‘ਤੇ ਅੜੇ ਰਹੇ ਅਤੇ ਇਰਾਦਾ-ਏ-ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾਇਆ। ਰਿਸ਼ਤੇਦਾਰ ਤੇ ਪਰਿਵਾਰ ਵਾਲੇ ਹਸਪਤਾਲ ਵਿੱਚ ਧਰਨੇ ’ਤੇ ਬੈਠ ਗਏ। ਜਦੋਂ ਪੁਲਿਸ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ। ਇਸ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਦੀ ਪੱਗ ਵੀ ਉਤਰ ਗਈ। ਇਸ ਦੌਰਾਨ ਏਸੀਪੀ ਨਿਰਮਲ ਸਿੰਘ ਪਰਿਵਾਰ ਵਾਲਿਆਂ ਨੂੰ ਆਪਣੇ ਨਾਲ ਥਾਣੇ ਲੈ ਗਏ।
ਇਹ ਵੀ ਪੜ੍ਹੋ : ਪਾਣੀ ‘ਚ ਸਮਾ ਜਾਣਗੇ ਲੰਦਨ-ਨਿਊਯਾਰਕ ਤੇ ਭਾਰਤ ਦੇ ਕਈ ਸ਼ਹਿਰ! VMO ਦੀ ਰਿਪੋਰਟ ‘ਚ ਖੁਲਾਸਾ
ਡਿਊਟੀ ‘ਤੇ ਮੌਜੂਦ ਡਾਕਟਰ ਪ੍ਰਿਆ ਭੂਸ਼ਣ ਨੇ ਦੱਸਿਆ ਕਿ ਜਦੋਂ ਮਰੀਜ਼ ਦੀ ਮੌਤ ਹੋਈ ਤਾਂ ਉਹ ਹਸਪਤਾਲ ‘ਚ ਸੀ। ਜਦੋਂ ਮਰੀਜ਼ ਨੂੰ ਘਬਰਾਹਟ ਹੋ ਰਹੀ ਸੀ ਤਾਂ ਉਸ ਨੂੰ ਘਬਰਾਹਟ ਦਾ ਟੀਕਾ ਲਗਾਇਆ ਗਿਆ। ਇਸ ਦੇ ਨਾਲ ਹੀ ਹੱਡੀਆਂ ਦੇ ਡਾਕਟਰ ਸੁਰਿੰਦਰ ਦਾ ਕਹਿਣਾ ਹੈ ਕਿ ਟੀਕਾ ਅਜਿਹਾ ਨਹੀਂ ਸੀ ਕਿ ਕਿਸੇ ਦੀ ਜਾਨ ਲੈ ਲਵੇ। ਇਸ ਸਬੰਧੀ ਕਾਰਜਕਾਰੀ ਮੈਡੀਕਲ ਸੁਪਰਡੈਂਟ ਸਿਵਲ ਡਾ: ਗੁਰਮੀਤ ਲਾਲ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: