ਕੈਂਸਰ ਰੋਗੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਗੰਭੀਰ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਅਜਨਾਲਾ ਦੇ ਪਿੰਡਾਂ ਵਿਚ 8 ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ। ਇਨ੍ਹਾਂ ਦੀ ਸ਼ੁਰੂਆਤ 5 ਮਾਰਚ ਨੂੰ ਅਜਨਾਲਾ ਸ਼ਹਿਰ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਤੋਂ ਹੋਵੇਗੀ। ਫਿਰ 6 ਮਾਰਚ ਨੂੰ ਸ਼ਿਵ ਮੰਦਰ ਅਜਨਾਲਾ ਵਿਚ ਦੂਜਾ ਚੈਕਅੱਪ ਕੈਂਪ ਲਗਾਇਆ ਜਾਵੇਗਾ। ਇਸ ਦੇ ਬਾਅਦ 7 ਤੋਂ 12 ਮਾਰਚ ਨੂੰ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਵਿਚ ਚੈਕਅੱਪ ਕੈਂਪ ਲਗਾਇਆ ਜਾਵੇਗਾ।
ਮੰਤਰੀ ਧਾਲੀਵਾਲ ਨੇ ਲੋਕਾਂ ਤੋਂ ਇਸ ਭਿਆਨਕ ਬੀਮਾਰੀ ਤੋਂ ਬਚਾਅ ਲਈ ਕੈਂਪ ਵਿਚ ਪਹੁੰਚ ਕੇ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਚੈਕਅੱਪ ਕੈਂਪ ਆਸਟ੍ਰੇਲੀਆ ਵਾਸੀ ਸਮਾਜਸੇਵੀ ਸਨਮ ਕਾਹਲੋਂ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ। ਬੀਤੇ ਸਾਲਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਂਸਰ ਦੀ ਬੀਮਾਰੀ ਲਗਾਤਾਰ ਫੈਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਸਿਹਤ ਤੇ ਕਲਿਆਣ ਲਈ ਕੈਂਸਰ ਰੋਗੀਆਂ ਨੂੰ 13.54 ਕਰੋੜ ਰੁਪਏ ਦਾ ਮੁਫਤ ਇਲਾਜ ਮੁਹੱਈਆ ਕਰਾਇਆ ਹੈ।
ਪੰਜਾਬ ਦੇ ਸਾਬਕਾ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੁਤਾਬਕ ਪੰਜਾਬ ਸਰਕਾਰ ਦੇ ਪੈਨਲਬੱਧ ਹਸਪਤਾਲਾਂ ਵਿਚ ‘ਮੁੱਖ ਮੰਤਰੀ ਕੈਂਸਰ ਰਾਹਤ ਕੋਸ਼’ ਤਹਿਤ 1265 ਤੋਂ ਵਧ ਕੈਂਸਰ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ। ਕੈਂਸਰ ਦੇ ਰੋਗੀ ਏਮਸ ਦਿੱਲੀ, ਕੈਂਸਰ ਹਸਪਤਾਲ ਬੀਕਾਨੇਰ, ਪੀਜੀਆਈ ਚੰਡੀਗੜ੍ਹ, ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਸਣੇ ਸੂਬਾ ਸਰਕਾਰ ਦੇ ਪੈਨਲਬੱਧ 19 ਹਸਪਤਾਲਾਂ ਵਿਚੋਂ ਕਿਸੇ ਵਿਚ ਵੀ 1.5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਾ ਸਕਦੇ ਹਨ।
ਇਹ ਵੀ ਪੜ੍ਹੋ : ਅੰਬਾਲਾ ‘ਚ ਟਰੱਕ ਤੇ ਬੱਸ ਦੀ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 4 ਜ਼ਖਮੀ
ਪੰਜਾਬ ਵਿਚ ਇਕ ਸਾਲ ਵਿਚ ਕੈਂਸਰ ਦੀ ਬੀਮਾਰੀ ਤੋਂ ਗ੍ਰਸਤ ਔਸਤਨ 7500 ਨਵੇਂ ਮਰੀਜ਼ ਮਿਲ ਰਹੇ ਹਨ। ਪਿਛਲੇ 7 ਸਾਲ ਵਿਚ ਹਰ ਸਾਲ ਔਸਤਨ 7586 ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2019 ਵਿਚ ਸਭ ਤੋਂ ਵਧ 954 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਦੂਜੇ ਨੰਬਰ ‘ਤੇ ਸੰਗਰੂਰ ‘ਚ 810, ਲੁਧਿਆਣਾ ‘ਚ 716, ਚੌਥੇ ‘ਤੇ ਪਟਿਆਲਾ ‘ਚ 667 ਤੇ 5ਵੇਂ ‘ਤੇ ਗੁਰਦਾਸਪੁਰ ‘ਚ 525 ਮਰੀਜ ਮਿਲੇ ਹਨ। ਪੰਜਾਬ ਵਿਚ ਕੈਂਸਰ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਇਸੇ ਲਈ ਪੰਜਾਬ ਸਰਕਾਰ ਇਸ ਦੀ ਰੋਕਥਾਮ ਤੇ ਨਵੇਂ ਮਰੀਜ਼ਾਂ ਦੀ ਪਛਾਣ ਲਈ ਚੈਕਅੱਪ ਕੈਂਪ ਲਗਾ ਰਹੀ ਹੈ।