ਲੁਧਿਆਣਾ ਵਿੱਚ ਭਾਈ ਵਾਲਾ ਚੌਂਕ ਦੇ ਕੋਲ ਸਥਿਤ ਓਮੈਕਸ ਪਲਾਜ਼ਾ ਮਾਲ ਵਿੱਚ ਸ਼ੁੱਕਰਵਾਰ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਮਿਸ਼ਨਰੇਟ ਪੁਲਿਸ ਨੇ ਇੱਕ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਸਪਾ ਸੈਂਟਰ ਦੀ ਆੜ ਵਿੱਚ ਜਿਸਮਫਿਰੋਸ਼ੀ ਦੀ ਸੂਚਨਾ ‘ਤੇ ਪੁਲਿਸ ਨੇ ਰੇਡ ਕੀਤੀ ਸੀ। ਬਲੂ ਲੋਟਸ ਨਾਂ ਨਾਲ ਚੱਲ ਰਹੇ ਇਸ ਸੈਂਟਰ ‘ਤੇ ਪੁਲਿਸ ਨੇ ਛਾਪਾ ਮਾਰ ਕੇ ਕਈ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ। ਬਾਅਦ ਵਿੱਚ ਪੁਲਿਸ ਨੇ ਇਸ ਸੈਂਟਰ ਦੇ ਮਾਲਕ ਪ੍ਰੀਤ ਤੇ ਮੈਨੇਜਰ ਰਵੀ ਦੇ ਨਾਲ-ਨਾਲ ਅਣਪਛਾਤੀਆਂ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸਪਾ ਸੈਂਟਰ ਤੋਂ ਕੁਝ ਨੌਜਵਾਨਾਂ ਤੇ ਮਹਾਨਗਰ ਦੀਆਂ ਕੁੜੀਆਂ ਦੇ ਨਾਲ-ਨਾਲ ਬਾਹਰਲੇ ਰਾਜਾਂ ਦੀਆਂ ਕੁੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਇਸ ਸੈਂਟਰ ਵਿੱਚ ਅੰਦਰ ਜਾਂਦੇ ਹੀ ਰਿਸੈਪਸ਼ਨ ‘ਤੇ 1500 ਰੁਪਏ ਚਾਰਜ ਕਰ ਲਏ ਜਾਂਦੇ ਸਨ। ਇਸ ਤੋਂ ਇਲਾਵਾ ਆਨ ਲਾਈਨ ਬੁਕਿੰਗ ਦੀ ਵੀ ਸਹੂਲਤ ਸੈਂਟਰ ਵੱਲੋਂ ਰਖੀ ਗਈ ਸੀ। ਇਸ ਤੋਂ ਇਲਾਵਾ ਵੀ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਤੋਂ ਪੁਲਿਸ ਵੀ ਹੈਰਾਨ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਕਈ ਸਪਾ ਸੈਂਟਰਾਂ ਦਾ ਪਰਦਾਫਾਸ਼ ਕਰ ਚੁੱਕੀ ਹੈ।
ਓਮੈਕਸ ਪਲਾਜ਼ਾ ਸ਼ਾਪਿੰਗ ਮਾਲ ਵਿੱਚ ਇਹ ਸਪਾ ਸੈਂਟਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉੱਥੇ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇੱਥੇ ਗਲਤ ਕੰਮ ਹੁੰਦੇ ਹਨ। ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ। ਕੁਝ ਦਿਨ ਪਹਿਲਾਂ ਕਿਸੇ ਅਣਪਛਾਤੇ ਬੰਦੇ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਏ.ਸੀ.ਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਦੀ ਅਗਵਾਈ ‘ਚ ਟੀਮ ਗਠਿਤ ਕਰਕੇ ਉੱਥੇ ਛਾਪਾ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਕਈ ਨੌਜਵਾਨ ਸਪਾ ਸੈਂਟਰ ਆਉਣ ਲਈ ਮਾਲ ਦੇ ਅੰਦਰ ਸਨ ਪਰ ਪੁਲਿਸ ਨੂੰ ਵੇਖ ਕੇ ਨੌਜਵਾਨ ਉਥੋਂ ਭੱਜ ਗਏ। ਪੁਲਿਸ ਅਧਿਕਾਰੀਆਂ ਨੇ ਸਪਾ ਸੈਂਟਰ ਦੇ ਰਿਕਾਰਡ ਦੀ ਵੀ ਤਲਾਸ਼ੀ ਲਈ। ਪੁਲਿਸ ਵੱਲੋਂ ਰੋਜ਼ਾਨਾ ਆਉਣ ਵਾਲੇ ਗਾਹਕਾਂ ਦੇ ਆਈਡੀ ਪਰੂਫ਼ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਕੰਡਕਟਰ ਨੂੰ 5 ਰੁ. ਵਾਧੂ ਲੈਣੇ ਪਏ ਮਹਿੰਗਾ, ਹੁਣ ਮੋੜਨੇ ਪੈਣੇ ਮੁਆਵਜ਼ੇ ਤੇ ਕੇਸ ਖਰਚ ਦੇ ਵੀ 1700 ਰੁਪਏ
ਰਿਸੈਪਸ਼ਨ ਅਤੇ ਆਨਲਾਈਨ ਬੁਕਿੰਗ ‘ਤੇ ਭੁਗਤਾਨ ਦੇ ਨਾਲ-ਨਾਲ ਬਹੁਤ ਸਾਰੇ ਗਾਹਕਾਂ ਨੂੰ ਵਿਸ਼ੇਸ਼ ਸੇਵਾ ਦਿੱਤੀ ਗਈ। ਇਸ ਕੇਂਦਰ ਵਿੱਚ ਮਹਾਨਗਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਨਾਲ-ਨਾਲ ਬਾਹਰਲੇ ਰਾਜਾਂ ਦੀਆਂ ਕੁੜੀਆਂ ਵੀ ਆਉਂਦੀਆਂ ਸਨ। ਜੇ ਕਿਸੇ ਨੂੰ ਸਪੈਸ਼ਲ ਸਰਵਿਸ ਚਾਹੀਦੀ ਹੁੰਦੀ ਸੀ ਤਾਂ ਉਸ ਦੇ ਨਾਲ ਬਾਹਰਲੇ ਰਾਜ ਦੀ ਕੁੜੀ ਦੀ ਡਿਊਟੀ ਲਗਾਈ ਜਾਂਦੀ ਸੀ।
ਏਸੀਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਸਪਾ ਸੈਂਟਰ ਦੀ ਆੜ ਵਿੱਚ ਗਲਤ ਕੰਮ ਕੀਤੇ ਜਾ ਰਹੇ ਹਨ, ਜਿਸ ਕਾਰਨ ਪੁਲਿਸ ਨੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਦੀ ਭਾਲ ਜਾਰੀ ਹੈ। ਜਲਦੀ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: