ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਪਨਬਸ ਦੀਆਂ 371 ਕਰਜ਼ਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਰਲੇਵੇਂ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵਿੱਤੀ ਵਰ੍ਹੇ ਦੌਰਾਨ ਇਸ ਫੈਸਲੇ ਕਾਰਨ ਆਉਣ ਵਾਲੇ 73 ਕਰੋੜ ਰੁਪਏ ਦੇ ਖਰਚੇ ਨੂੰ ਪੂਰਾ ਕਰਨ ਲਈ ਬਜਟ ਨੂੰ ਵੀ ਮਨਜ਼ੂਰ ਕੀਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ, ਜੋ ਪੰਜਾਬ ਰੋਡਵੇਜ਼ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਫਲੀਟ ਵਿੱਚ ਸਿਰਫ਼ 115 ਬੱਸਾਂ ਰਹਿ ਗਈਆਂ ਸਨ ਅਤੇ ਇਸ ਰਲੇਵੇਂ ਨਾਲ ਇਹ ਗਿਣਤੀ 486 ਹੋ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਰੋਡਵੇਜ਼ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੋਵੇਗਾ।
ਉਨ੍ਹਾਂ ਕਿਹਾ ਕਿ ਆਵਾਜਾਈ ਵਿਭਾਗ ਦੇ ਪ੍ਰਸਤਾਵ ਵਿਚ ਸ਼ਾਮਲ ਅਨੁਮਾਨਾਂ ਮੁਤਾਬਕ ਪੂਰੇ ਵਿੱਤੀ ਸਾਲ 2023-24 ਲਈ ਪੰਜਾਬ ਰੋਡਵੇਜ਼ ਵੱਲੋਂ ਇਨ੍ਹਾਂ 371 ਬੱਸਾਂ ਨੂੰ ਚਲਾਉਣ ‘ਤੇ 138.70 ਕਰੋੜ ਰੁਪਏ ਦੀ ਆਮਦਨ ਦੇ ਨਾਲ 109.61 ਕਰੋੜ ਰੁਪਏ ਦਾ ਅਨੁਮਾਨਿਤ ਖਰਚਾ ਹੋਣ ਦੀ ਸੰਭਾਵਨਾ ਸੀ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਬਾਕੀ ਰਹਿੰਦੇ 8 ਮਹੀਨਿਆਂ ਦੇ ਸੋਧੇ ਅਨੁਮਾਨਾਂ ਮੁਤਾਬਕ ਪੰਜਾਬ ਰੋਡਵੇਜ਼ ਨੂੰ 90 ਕਰੋੜ ਰੁਪਏ ਦੀ ਕਮਾਈ ਤੇ 73 ਕਰੋੜ ਰੁਪਏ ਦੇ ਖਰਚੇ ਕੱਢਣ ਦੇ ਬਾਅਦ 17 ਕਰੋੜ ਰੁਪਏ ਦਾ ਫਾਇਦਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਨਜੀਤ ਸਿੰਘ ਢੇਸੀ ਹੋਣਗੇ ਫਾਜ਼ਿਲਕਾ ਦੇ ਨਵੇਂ SSP, ਅਵਨੀਤ ਕੌਰ ਸਿੱਧੂ ਦੀ ਲੈਣਗੇ ਥਾਂ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਾਰੇ ਵਿਭਾਗਾਂ ਨੂੰ ਜੋ ਕਦੇ ਸੂਬੇ ਦਾ ਗੌਰਵ ਹੁੰਦੇ ਸਨ, ਨੂੰ ਫਿਰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਹੁਰਦਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਇਸ ਸਬੰਧੀ ਰਣਨੀਤੀ ਬਣਾਉਣ ਲਈ ਅਜਿਹੇ ਮੁੱਖ ਵਿਭਾਗਾਂ ਲਈ ਲਈ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: