ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਦੀ ਘਿਨਾਉਣੀ ਕਰਤੂਤ ਸਾਹਮਣੇ ਆਈ ਹੈ। ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ। ਫੌਜੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿਲਰ ਨੂੰ ਹਾਇਰ ਕੀਤਾ। ਇਸ ਤੋਂ ਬਾਅਦ ਸੁਪਾਰੀ ਦੇਣ ਵਾਲੇ ਨੇ ਪੁੱਤਰ ਨੂੰ ਸ਼ਰਾਬ ਪਿਲਾਈ ਅਤੇ ਫਿਰ ਗਲਾ ਘੁੱਟ ਕੇ ਕਤ.ਲ ਕਰ ਦਿੱਤਾ।
ਮ੍ਰਿਤਕ ਦੇਹ ਨੂੰ ਹਿੰਡਨ ਨਦੀ ਵਿੱਚ ਟਿਕਾਣੇ ਲਾ ਦਿੱਤਾ ਗਿਆ। ਇੰਨਾ ਹੀ ਨਹੀਂ ਪੁਲਿਸ ਤੋਂ ਬਚਣ ਲਈ ਵੱਖ-ਵੱਖ ਥਾਵਾਂ ‘ਤੇ ਬਾਈਕ ਅਤੇ ਮੋਬਾਇਲ ਫੋਨ ਰੱਖੇ ਗਏ ਸਨ।
ਘਟਨਾ ਮੇਰਠ ਥਾਣਾ ਸਰਧਾਨਾ ਇਲਾਕੇ ਦੀ ਹੈ, ਜਿੱਥੇ ਸੇਵਾਮੁਕਤ ਫੌਜੀ ਸੰਜੀਵ ਅਤੇ ਉਸ ਦੀ ਪਤਨੀ ਮੁਨੇਸ਼ ਵਿਚਕਾਰ ਪਿਛਲੇ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ। 27 ਸਾਲ ਦਾ ਇਕਲੌਤਾ ਪੁੱਤ ਸਚਿਨ ਆਪਣੀ ਮਾਂ ਨਾਲ ਰਹਿੰਦਾ ਸੀ। ਪਿਤਾ ਦੂਜਾ ਵਿਆਹ ਕਰਨਾ ਚਾਹੁੰਦਾ ਸੀ, ਪਰ ਪੁੱਤਰ ਇਸ ਵਿਆਹ ਦੇ ਖਿਲਾਫ ਸੀ।
ਬਸ ਇਸ ਗੱਲ ਨੇ ਪਿਓ ਨੂੰ ਨਾਰਾਜ਼ ਕਰ ਦਿੱਤਾ ਅਤੇ ਉਸ ਨੇ ਸਚਿਨ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ। ਦੋਸ਼ੀ ਪਿਤਾ ਨੇ ਅਮਿਤ ਨਾਮ ਦੇ ਇੱਕ ਬਦਮਾਸ਼ ਨੂੰ ਇਸ ਕੰਮ ਲਈ ਚੁਣਿਆ, ਜਿਸ ਨਾਲ ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਯੋਜਨਾ ਦੇ ਤਹਿਤ ਸਚਿਨ ਨੂੰ ਸ਼ਰਾਬ ਪਿਲਾਈ ਗਈ ਅਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ :
ਦੂਜੇ ਪਾਸੇ ਜਦੋਂ ਸਚਿਨ ਆਪਣੇ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਗਈ ਅਤੇ ਜਦੋਂ ਸੰਜੀਵ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਾਰੀ ਅਸਲੀਅਤ ਖੁੱਲ੍ਹ ਕੇ ਸਾਹਮਣੇ ਆ ਗਈ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਦੋਸ਼ੀ ਪਿਤਾ ਅਤੇ ਕਾਤਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: