ਜਲੰਧਰ ਵਿਚ ਕਮਿਸ਼ਨਰੇਟ ਪੁਲਿਸ ਨੇ ਮੱਧਪ੍ਰਦੇਸ਼ ਤੋਂ ਹਥਿਆਰ ਲੈ ਕੇ ਆਏ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਗਭਗ 10 ਦੇਸੀ ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਤਸਕਰਾਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਉਰਫ ਦਿਲ ਤੇ ਅਜੀਤਪਾਲ ਸਿੰਘ ਉਰਫ ਸ਼ਾਲੂ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਦੋਵਾਂ ਤੋਂ 5-5 ਹਥਿਆਰ ਤੇ 5-5 ਮੈਗਜ਼ੀਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਖਿਲਾਫ ਜਲੰਧਰ ਕੈਂਟ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਸਿਟੀ ਸੀਆਈਏ ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਆਪਣੀ ਟੀਮ ਨਾਲ ਗਸ਼ਤ ਲਈ ਥਾਣਾ ਕੈਂਟ ਦੇ ਏਰੀਏ ਵਿਚ ਪੈਂਦੇ ਪਰਾਗਪੁਰ ਲਿੰਕ ਰੋਡ ‘ਤੇ ਮੌਜੂਦ ਸਨ।ਇਸ ਦੌਰਾਨ ਉਨ੍ਹਾਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਮੱਧਪ੍ਰਦੇਸ਼ ਦੇ ਇੰਦੌਰ ਤੋਂ ਹਥਿਆਰ ਲੈ ਕੇ ਆਏ ਸਨ। ਮੁਲਜ਼ਮਾਂ ਨੂੰ ਫਗਵਾੜਾ ਵੱਲੋਂ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦੀ ਉਮਰ 23 ਸਾਲ ਹੈ ਤੇ ਦੋਵੇਂ 12ਵੀਂ ਕਲਾਸ ਤੱਕ ਹੀ ਪੜ੍ਹੇ ਹਨ। ਦੋਵੇਂ ਇਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਹਥਿਆਰਾਂ ਦੀ ਤਸਕਰੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ : CBSE ਬੋਰਡ ਨੇ ਜਾਰੀ ਕੀਤੀ 10ਵੀਂ ਤੇ 12ਵੀਂ ਦੀ ਡੇਟਸ਼ੀਟ, ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ
ਪੁੱਛਗਿਛ ਵਿਚ ਮੁਲਜ਼ਮਾਂ ਨੇ ਕਿਹਾ ਕਿ ਉਹ ਬੀਤੀ 5 ਦਸੰਬਰ ਨੂੰ ਰਾਤ ਅੰਮ੍ਰਿਤਸਰ ਤੋਂ ਬੱਸ ਵਿਚ ਬੈਠ ਕੇ ਦਿੱਲੀ ਲਈ ਨਿਕਲੇ ਸਨ ਜਿਸ ਦੇ ਬਾਅਦ ਦਿੱਲੀ ਤੋਂ ਉਨ੍ਹਾਂ ਨੇ ਇੰਦੌਰ ਲਈ ਬੱਸ ਲਈ। ਕਾਫੀ ਸਮੇਂ ਤੋਂ ਇੰਦੌਰ ਦੇ ਹਥਿਆਰ ਤਸਕਰਾਂ ਦੇ ਸੰਪਰਕ ਵਿਚ ਸਨ।ਇੰਦੌਰ ਤੋਂ ਇਕ ਪਿਸਤੌਲ 22 ਹਜ਼ਾਰ ਵਿਚ ਖਰੀਦਦੇ ਸਨ ਜਿਸ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ 70 ਤੋਂ 80 ਹਜ਼ਾਰ ਵਿਚ ਵੇਚਦੇ ਸਨ।
ਵੀਡੀਓ ਲਈ ਕਲਿੱਕ ਕਰੋ : –