ਪੰਜਾਬ ਵਿਚ ਬੀਤੇ ਦਿਨ ਤੋਂ ਪਏ ਮੀਂਹ ਨੇ ਲੋਕਾਂ ਨੂੰ ਠੰਡ ਵਿਚ ਕੰਬਣੀ ਦਾ ਅਹਿਸਾਸ ਕਰਾ ਦਿੱਤਾ। ਮੀਂਹ ਤੋਂ ਬਾਅਦ ਪਾਰਾ 7.2 ਡਿਗਰੀ ਤੱਕ ਡਿੱਗ ਗਿਆ ਹੈ, ਜਿਸ ਤੋਂ ਬਾਅਦ ਦਿਨ ਦਾ ਪਾਰਾ ਆਮ ਨਾਲੋਂ 3.9 ਡਿਗਰੀ ਘੱਟ ਗਿਆ। ਮੀਂਹ ਤੋਂ ਬਾਅਦ ਹੁਣ ਪੰਜਾਬ-ਚੰਡੀਗੜ੍ਹ ‘ਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕੁਝ ਖੇਤਰਾਂ ਵਿੱਚ ਵਿਜ਼ੀਬਿਲਟੀ 100 ਮੀਟਰ ਤੱਕ ਘੱਟ ਸਕਦੀ ਹੈ।
ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 17 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੱਛਮੀ ਗੜਬੜੀ ਕਰਕੇ ਅਸਮਾਨ ‘ਚ ਬੱਦਲ ਛਾ ਜਾਣ ਤੋਂ ਬਾਅਦ ਹੀਟ ਲਾਕ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਕਾਰਨ ਰਾਤ ਦੇ ਪਾਰਾ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ। ਘੱਟੋ-ਘੱਟ ਪਾਰਾ 2 ਤੋਂ 5 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਸੀ, ਹੁਣ ਗੁਰਦਾਸਪੁਰ ‘ਚ ਘੱਟੋ-ਘੱਟ ਪਾਰਾ 5 ਡਿਗਰੀ ਦਰਜ ਕੀਤਾ ਗਿਆ ਹੈ। ਪਰ ਮੀਂਹ ਕਾਰਨ ਦਿਨ ਦਾ ਪਾਰਾ ਡਿੱਗ ਗਿਆ। ਸਾਰੇ ਸ਼ਹਿਰਾਂ ਵਿੱਚ ਪਾਰਾ 13 ਤੋਂ 17 ਡਿਗਰੀ ਦੇ ਵਿਚਕਾਰ ਰਿਹਾ।
ਚੰਡੀਗੜ੍ਹ, ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 8.8 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਬਰਨਾਲਾ ‘ਚ 19 ਮਿਲੀਮੀਟਰ, ਅੰਮ੍ਰਿਤਸਰ ‘ਚ 10 ਮਿਲੀਮੀਟਰ, ਲੁਧਿਆਣਾ ‘ਚ 1.4, ਪਟਿਆਲਾ ‘ਚ 5, ਪਠਾਨਕੋਟ ‘ਚ 4, ਬਠਿੰਡਾ ‘ਚ 12, ਮੋਗਾ ‘ਚ 10.5 ਅਤੇ ਮੋਹਾਲੀ ‘ਚ 7.5 ਮਿਲੀਮੀਟਰ ਮੀਟਰ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ‘ਚ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ। ਹੁਣ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਪਹਾੜਾਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਜਿਸ ਤੋਂ ਬਾਅਦ ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਪਾਰਾ ‘ਚ ਗਿਰਾਵਟ ਆਵੇਗੀ। ਐਤਵਾਰ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਬੱਸ ਹਾਦਸਾ, PM ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖਮੀਆਂ ਲਈ ਕੀਤਾ ਵੱਡਾ ਐਲਾਨ
ਮੌਸਮ ਵਿਭਾਗ ਮੁਤਾਬਕ ਧੁੰਦ ਦਾ ਅਸਰ 31 ਦਸੰਬਰ ਤੱਕ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਸੀਤ ਲਹਿਰ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦਾ ਪਾਰਾ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿਚ ਹਲਕੀ ਬੱਦਲਵਾਈ ਰਹੇਗੀ, ਮੀਂਹ ਦੀ ਵੀ ਸੰਭਾਵਨਾ ਹੈ। ਪਾਰਾ 11 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿਚ ਬੱਦਲਾਂ ਦੇ ਨਾਲ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਲੰਧਰ ਵਿਚ ਆਸਮਾਨ ਸਾਫ ਰਹੇਗਾ। ਲੁਧਿਆਣਾ, ਪਟਿਆਲਾ, ਮੋਹਾਲੀ ‘ਚ ਹਲਕੀ ਬੱਦਲਵਾਈ ਰਹੇਗੀ, ਮੀਂਹ ਦੇ ਵੀ ਆਸਾਰ ਹਨ। ਇਨ੍ਹਾਂ ਸ਼ਹਿਰਾਂ ਵਿਚ ਪਾਰਾ 10 ਤੋਂ 18 ਡਿਗਰੀ ਵਿਚਕਾਰ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: