ਕਪੂਰਥਲਾ : ਵਿਦੇਸ਼ ਵਿੱਚ ਸੋਨੇ ਵਰਗਾ ਭਵਿੱਖ ਬਣਾਉਣ ਦੇ ਸੁਪਨੇ ਕਈ ਵਾਰ ਡਰਾਉਣੇ ਸੱਚ ਵਿੱਚ ਤਬਦੀਲ ਹੋ ਜਾਂਦੇ ਹਨ। ਨਕੋਦਰ ਦੇ ਨੌਜਵਾਨ ਅਸ਼ੋਕ ਕੁਮਾਰ ਨਾਲ ਵਾਪਰੀ ਘਟਨਾ ਇਸਦੀ ਤਾਜ਼ਾ ਮਿਸਾਲ ਹੈ, ਜੋ ਰਸ਼ੀਆ ਰੁਖ਼ ਕਰਦਾ ਹੈ ਪਰ ਉੱਥੇ ਉਸਨੂੰ ਸਿਰਫ਼ ਧੋਖਾ, ਪੀੜਾ ਅਤੇ ਕਾਨੂੰਨੀ ਮੁਸੀਬਤਾਂ ਹੀ ਮਿਲਦੀਆਂ ਹਨ। ਜਲੰਧਰ ਦੇ ਇੱਕ ਜਾਲਸਾਜ ਟ੍ਰੈਵਲ ਏਜੰਟ ਨੇ ਉਸਨੂੰ 90 ਹਜ਼ਾਰ ਰੁਪਏ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਇੱਕ ਲੱਖ ਰੁਪਏ ਲੈ ਲਏ ਅਤੇ ਇੱਕ ਸਾਲ ਦਾ ਐਗਰੀਮੈਂਟ ਵੀ ਕੀਤਾ। ਵਰਕ ਪਰਮਿਟ ਅਤੇ ਆਈ-ਕਾਰਡ ਬਣਾਉਣ ਦੇ ਵਾਅਦੇ ਕੀਤੇ ਗਏ, ਪਰ ਹਕੀਕਤ ਵਿੱਚ ਕੁਝ ਵੀ ਨਹੀਂ ਕੀਤਾ ਗਿਆ।
ਰਸ਼ੀਆ ਪਹੁੰਚਣ ‘ਤੇ ਅਸ਼ੋਕ ਨੂੰ ਪੈਕਿੰਗ ਦੇ ਕੰਮ ‘ਚ ਲਾ ਦਿੱਤਾ ਗਿਆ ਪਰ ਦੋ ਮਹੀਨੇ ਤੱਕ ਕੋਈ ਤਨਖਾਹ ਨਹੀਂ ਦਿੱਤੀ ਗਈ। ਜਿਸ ਵੀਜ਼ੇ ‘ਤੇ ਉਹ ਗਿਆ ਸੀ, ਉਹ ਸਿਰਫ ਤਿੰਨ ਮਹੀਨੇ ਲਈ ਹੀ ਵੈਧ ਸੀ। ਹਾਲਾਤ ਉਸ ਵੇਲੇ ਹੋਰ ਵੀ ਖਰਾਬ ਹੋ ਗਏ ਜਦੋਂ 14 ਮਾਰਚ ਨੂੰ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਨੇ 19 ਦਿਨ ਜੇਲ੍ਹ ਵਿੱਚ ਬਿਤਾਏ। ਇਸ ਦੌਰਾਨ ਉਸਦਾ ਪਰਿਵਾਰ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।
ਇਸ ਸਾਰੀ ਦਾਸਤਾਨ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸ਼ੋਕ ਕੁਮਾਰ ਇਕੱਲਾ ਨਹੀਂ ਸੀ। ਉਸਦੇ ਨਾਲ ਹੋਰ ਦੋ ਪੰਜਾਬੀ ਨੌਜਵਾਨ ਵੀ ਇਸੇ ਜਾਲ ਵਿੱਚ ਫਸੇ ਹੋਏ ਸਨ। ਇੱਕ ਖਰੜ ਇਲਾਕੇ ਨਾਲ ਅਤੇ ਦੂਜਾ ਗੋਇੰਦਵਾਲ ਸਾਹਿਬ ਨਾਲ ਸੰਬੰਧਿਤ। ਤਿੰਨਾਂ ਦੇ ਪਰਿਵਾਰਾਂ ਨੇ ਬਹੁਤ ਚਿੰਤਾ ਅਤੇ ਬੇਬਸੀ ਦੇ ਹਾਲਾਤ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਕੋਲ ਮਦਦ ਲਈ ਗੁਹਾਰ ਲਗਾਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਤੁਰੰਤ ਕਾਰਵਾਈ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ। ਉਨ੍ਹਾਂ ਦੀ ਦਖ਼ਲਅੰਦਾਜ਼ੀ ਸਦਕਾ ਨਾ ਸਿਰਫ ਅਸ਼ੋਕ ਕੁਮਾਰ, ਸਗੋਂ ਖਰੜ ਅਤੇ ਗੋਇੰਦਵਾਲ ਸਾਹਿਬ ਨਾਲ ਸੰਬੰਧਿਤ ਦੋਵੇਂ ਨੌਜਵਾਨਾਂ ਨੂੰ ਵੀ ਸੁਰੱਖਿਅਤ ਤੌਰ ‘ਤੇ ਵਾਪਸ ਭਾਰਤ ਲਿਆਇਆ ਗਿਆ। ਵਾਪਸੀ ‘ਤੇ ਤਿੰਨਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਸੰਤ ਬਲਬੀਰ ਸਿੰਘ ਸੀਂਚੇਵਾਲ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਸ਼ਕਲ ਵੇਲੇ ਵਿੱਚ ਉਨ੍ਹਾਂ ਲਈ ਮਸੀਹਾ ਬਣ ਕੇ ਕੰਮ ਕੀਤਾ।
ਇਸ ਮਾਮਲੇ ਨੇ ਇੱਕ ਹੋਰ ਚਿੰਤਾਜਨਕ ਸੱਚਾਈ ਵੀ ਸਾਹਮਣੇ ਰੱਖੀ ਹੈ-ਟਰੈਵਲ ਏਜੰਟਾਂ ਵੱਲੋਂ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ। ਉੱਚੀ ਤਨਖਾਹ ਦੇ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ, ਜਿੱਥੇ ਨਾ ਸਿਰਫ ਉਹਨਾਂ ਨੂੰ ਪੈਸਿਆਂ ਦਾ ਨੁਕਸਾਨ ਹੁੰਦਾ ਹੈ, ਸਗੋਂ ਕਾਨੂੰਨੀ ਮੁਸੀਬਤਾਂ ਅਤੇ ਜੇਲ੍ਹ ਦੀ ਯਾਤਨਾ ਵੀ ਸਹਿਣੀ ਪੈਂਦੀ ਹੈ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ‘ਚ ਪੰਜਾਬੀ ਨੌਜਵਾਨ ਅਗਵਾ, ਪਰਿਵਾਰ ਕੋਲੋਂ ਮੰਗੀ 25 ਲੱਖ ਦੀ ਫਿਰੌਤੀ, 3 ਖਿਲਾਫ ਮਾਮਲਾ ਦਰਜ
ਮੀਡੀਆ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਟਰੈਵਲ ਏਜੰਟਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਸਿਰਫ ਕਾਨੂੰਨੀ ਅਤੇ ਸਹੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਨਹੀਂ ਤਾਂ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜੋ ਜ਼ਿੰਦਗੀ ਲਈ ਵੱਡੀ ਸਜ਼ਾ ਬਣ ਜਾਂਦੇ ਹਨ। ਇਹ ਘਟਨਾ ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਹਰ ਉਸ ਨੌਜਵਾਨ ਲਈ ਚੇਤਾਵਨੀ ਹੈ ਜੋ ਵਿਦੇਸ਼ ਦੇ ਸੁਪਨੇ ਦੇਖਦਾ ਹੈ—ਸਹੀ ਰਸਤਾ ਚੁਣੋ, ਨਹੀਂ ਤਾਂ ਸੁਪਨੇ ਡਰਾਉਣੀ ਹਕੀਕਤ ਬਣ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:











