ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿਚੋਤਾਣ ਵਧਦੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਵਿਚ ਅੱਜ ਵੱਡਾ ਧਮਾਕਾ ਹੋ ਸਕਦਾ ਹੈ। ਸਾਬਕਾ CM ਚਰਨਜੀਤ ਚੰਨੀ ਕੇ. ਸੀ. ਵੇਣੁਗੋਪਾਲ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਦਿਨੀਂ ਵੀ ਪੰਜਾਬ ਇੰਚਾਰਜ ਭੁਪੇਸ਼ ਬਘੇਲ ਮੋਹਾਲੀ ਵਿਚ 6 ਦਿਨ ਰੁਕੇ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਬਾਜਵਾ ਤੇ ਹੋਰ ਆਗੂਆਂ ਨਾਲ ਉਨ੍ਹਾਂ ਵੱਲੋਂ ਗੱਲਬਾਤ ਕੀਤੀ ਗਈ ਪਰ ਭੁਪੇਸ਼ ਬਘੇਲ ਦੇ ਦੌਰੇ ਦਾ ਕੋਈ ਫਾਇਦਾ ਕਾਂਗਰਸ ਨੂੰ ਨਹੀਂ ਹੋਇਆ ਤੇ ਚੰਨੀ ਧੜੇ ਵੱਲੋਂ ਲਗਾਤਾਰ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ।
ਬੀਤੇ ਦਿਨੀਂ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ ਅਤੇ ਕੇ. ਸੀ. ਵੇਣੁਗੋਪਾਲ ਵਿਚਾਲੇ ਪੰਜਾਬ ਦੇ ਹਾਲਾਤਾਂ ‘ਤੇ ਵਿਸਤਾਰ ਨਾਲ ਚਰਚਾ ਹੋਈ ਸੀ ਤੇ ਇਸ ਮਗਰੋਂ ਫੈਸਲਾ ਕੀਤਾ ਗਿਆ ਸੀ ਕਿ ਨਾਰਾਜ਼ ਆਗੂਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇਗਾ ਤੇ ਅਜਿਹੇ ਵਿਚ ਸਭ ਦੀਆਂ ਨਜ਼ਰਾਂ ਚੰਨੀ ਵੱਲੋਂ ਹਾਈਕਮਾਨ ਨਾਲ ਹੋਣ ਵਾਲੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ। ਚੰਨੀ ਧੜੇ ਨੇ ਰਾਜਾ ਵੜਿੰਗ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।
ਇਹ ਵੀ ਪੜ੍ਹੋ : ਇਥੋਪੀਆ ‘ਚ ਅਗਵਾ ਕੀਤੇ ਗਏ ਪੰਜਾਬ ਤੇ ਹਰਿਆਣਾ ਦੇ 4 ਨੌਜਵਾਨ, MP ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ
ਚੰਨੀ ਧੜੇ ਦੇ ਆਗੂਆਂ ਵੱਲੋਂ ਲਗਾਤਾਰ ਇਹ ਗੱਲ ਹੀ ਆਖੀ ਜਾ ਰਹੀ ਹੈ ਕਿ ਉਹ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਜੇਕਰ ਕਾਂਗਰਸ ਨੂੰ ਮੁੜ ਲਿਆਉਣਾ ਹੈ ਤਾਂ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵਿਚ ਜੋ ਕਲੇਸ਼ ਚੱਲ ਰਿਹਾ ਹੈ ਉਹ ਖਤਮ ਹੋਵੇਗਾ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:










