ਅਜਨਾਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਥਾਣਾ ਝੰਡੇਰ ਦੀ ਪੁਲਿਸ ਵੱਲੋਂ ਅੱਜ ਅੰਮ੍ਰਿਤਸਰ ਦੇ ਪਿੰਡ ਤੇੜਾ ਕਲਾਂ ਵਿਖੇ 20 ਦਿਨ ਪਹਿਲਾਂ ਮਰੇ ਹੋਏ ਵਿਅਕਤੀ ਦਾ ਕਬਰ ਪੁਟਵਾਇਆ ਅਤੇ ਵਿੱਚੋਂ ਉਸਦੀ ਲਾਸ਼ ਨੂੰ ਬਾਹਰ ਕੱਢਵਾਇਆ ਗਿਆ। ਦਰਅਸਲ ਮ੍ਰਿਤਕ ਦੀ ਭੈਣ ਅਤੇ ਮਾਂ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜਤਾਇਆ ਹੈ। ਇਸ ਦਰਖ਼ਾਸਤ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਇਸ ਮਾਮਲੇ ਸਬੰਧੀ ਥਾਣਾ ਝੰਡੇਰ ਦੇ ਐੱਸ ਐੱਚ ਓ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 27 ਜੁਲਾਈ 2026 ਨੂੰ ਸੋਨੀ ਮਸੀਹ ਪੁੱਤਰ ਹਮੀਦ ਮਸੀਹ ਸ਼ਾਮ 8 ਵੱਜ ਕੇ 15 ਮਿੰਟ ‘ਤੇ ਆਪਣੀ ਲੜਕੀ ਨੂੰ ਲੈਣ ਲਈ ਅਜਨਾਲਾ ਵੱਲ ਜਾ ਰਿਹਾ ਸੀ। ਪਿੰਡ ਦੇ ਸਟੇਡੀਅਮ ਨੇੜੇ ਭੇਦਭਰੇ ਹਲਾਤ ਵਿੱਚ ਉਸਦੀ ਮੌਤ ਹੋ ਗਈ ਸੀ ਜਿਸ ਤੇ ਪਰਿਵਾਰ ਵੱਲੋਂ ਇਸਾਈ ਰੀਤੀ ਰਿਵਾਜ਼ਾਂ ਮੁਤਾਬਕ ਉਸਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਸੀ। ਪਰ ਉਸ ਦੀ ਭੈਣ ਕੋਮਲ ਜੋ ਕਿ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਵਿਖੇ ਵਿਆਹੀ ਹੋਈ ਹੈ ਉਸ ਨੇ ਆਪਣੀ ਮਾਂ ਬਾਵੀ ਨੂੰ ਨਾਲ ਲੈ ਕੇ ਥਾਣਾ ਝੰਡੇਰ ਵਿਖੇ ਦਰਖ਼ਾਸਤ ਦਿੱਤੀ ਹੈ ਜਿਸ ਵਿੱਚ ਉਸਨੇ ਆਪਣੇ ਭਰਾ ਦੇ ਕਤਲ ਹੋਣ ਦਾ ਸ਼ੱਕ ਜਤਾਇਆ ਹੈ।
ਪੁਲਿਸ ਵੱਲੋਂ ਐੱਸ ਡੀ ਐਮ ਕੋਲੋ ਮਨਜੂਰੀ ਲੈਕੇ ਐਗਜੈਕਟਿਵ ਮਜਿਸਟਰੇਟ ਵੱਲੋਂ ਨਾਇਬ ਤਹਿਸੀਲਦਾਰ ਕਾਰਜ ਸਿੰਘ ਔਲਖ ਅਤੇ ਸਿਵਲ ਮੈਡੀਕਲ ਅਫ਼ਸਰ ਵੱਲੋਂ ਲਾਈ ਬਿਊਟੀ ਅਨੁਸਾਰ ਡਾਕਟਰ ਦੀ ਹਾਜਰੀ ਵਿੱਚ ਕਬਰ ਨੂੰ ਪੁੱਟਵਾ ਕੇ ਲਾਸ਼ ਨੂੰ ਬਾਹਰ ਕੱਢਵਾਇਆ ਤੇ ਪੋਸਟਮਾਰਟਮ ਲਈ ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ। ਉਨਾਂ ਨੇ ਅੱਗੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।







