ਭਾਰਤ ਨੇ ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਟੀਮ ਨੇ ਫਾਈਨਲ ਵਿਚ ਸ਼੍ਰੀਲੰਕਾ ਨੂੰ 72 ਦੌੜਾਂ ਦੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 183 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਸ਼ੇਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਨੇ ਪਹਿਲੇ ਵਿਕਟ ਲਈ 129 ਦੌੜਾਂ ਦੇ ਰਿਕਾਰਡ ਦੀ ਸਾਂਝੇਦਾਰੀ ਕੀਤੀ ਸੀ।
183 ਦੌੜਾਂ ਨੂੰ ਡਿਫੈਂਡ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਚੰਗੀ ਹੋਈ ਸੀ। ਕ੍ਰਾਂਤੀ ਗੌੜ ਨੇ ਪਹਿਲੇ ਹੀ ਓਵਰ ਵਿਚ ਇਮੇਸ਼ਾ ਦੁਲਾਨੀ (4) ਨੂੰ ਆਊਟ ਕੀਤਾ ਸੀ। ਹਾਲਾਂਕਿ ਇਸ ਦੇ ਬਾਅਦ ਚਮਾਰੀ ਅਟਾਪੱਟੂ ਤੇ ਵਿਸ਼ਮੀ ਗੁਨਾਰਤਨੇ ਨੇ ਦੂਜੇ ਵਿਕਟ ਲਈ ਅਰਧ ਸੈਂਕੜਾ ਲਗਾ ਕੇ ਪਾਰੀ ਨੂੰ ਸੰਭਾਲਿਆ ਉਦੋਂ ਲੱਗ ਰਿਹਾ ਸੀ ਕਿ ਇਹ ਮੁਕਾਬਲਾ ਟੱਕਰ ਦਾ ਹੋ ਸਕਦਾ ਹੈ ਪਰ ਉਹ ਦੌੜਾਂ ਦੀ ਰਫਤਾਰ ਨੂੰ ਨਹੀਂ ਵਧਾ ਸਕੇ ਤੇ ਇਸ ਜੋੜੀ ਦੇ ਟੁੱਟਣ ਦੇ ਬਾਅਦ ਸ਼ੀਰੰਲਾਕ ਦੀ ਪਾਰੀ ਬਿਖਰ ਗਈ।
ਇਸ ਦੇ ਬਾਅਦ ਚਰਨੀ ਨੇ ਗੇਂਦਬਾਜ਼ੀ ਨਾਲ ਚੰਗਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ 14ਵੇਂ ਓਵਰ ਵਿਚ ਹਰਸ਼ਿਤਾ ਮਾਧਵੀ (9) ਨੂੰ ਆਊਟ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ 16ਵੇਂ ਓਵਰ ਵਿਚ ਕਵਿਸ਼ਾ ਦਿਲਹਰੀ (7) ਤੇ ਨੀਲਾਕਸ਼ੀ ਡੀ ਸਿਲਵਾ (22) ਨੂੰ ਆਊਟ ਕਰਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਸੁਗੰਦਿਕਾ ਕੁਮਾਰੀ ਵਜੋਂ ਉਨ੍ਹਾਂ ਨੇ ਆਪਣਾ ਚੌਥਾ ਵਿਕਟ ਲਿਆ। ਆਖਰੀ ਓਵਰ ਦੀ ਅੰਤਿਮ ਗੇਂਦ ‘ਤੇ ਦੀਪਤੀ ਨੇ ਕੌਸ਼ਾਨੀ ਨੂੰ ਆਊਟ ਕਰਕੇ ਸ਼੍ਰੀਲੰਕਾ ਨੂੰ ਆਲਆਊਟ ਕੀਤਾ।
ਮਹਿਲਾ ਏਸ਼ੀਆ ਕੱਪ ਜਿੱਤਣ ‘ਤੇ PM ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਇਹ ਭਾਰਤੀ ਕ੍ਰਿਕਟ ਲਈ ਮਾਣ ਵਾਲਾ ਪਲ ਹੈ। ਏਸ਼ੀਆ ਕੱਪ ਜਿੱਤਣ ‘ਤੇ ਭਾਰਤੀ ਮਹਿਲਾ ਟੀਮ ਨੂੰ ਵਧਾਈ। ਪੂਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਦਾ ਆਤਮ-ਵਿਸ਼ਵਾਸ ਤੇ ਸ਼ਾਨਦਾਰ ਜਜ਼ਬਾ ਦੇਖਣ ਨੂੰ ਮਿਲਿਆ । ਇਹ ਜਿੱਤ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।
ਇਸੇ ਤਰ੍ਹਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ‘ਮਹਿਲਾ ਏਸ਼ੀਆ ਕੱਪ’ ਜਿੱਤਣ ‘ਤੇ CM ਮਾਨ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ। ਉਨ੍ਹਾਂ ਲਿਖਿਆ ਸਾਡੀਆਂ ਹੋਣਹਾਰ ਧੀਆਂ ਨੇ 8ਵੀਂ ਵਾਰ ਇਹ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ ਹੈ। ਤੁਹਾਡੀ ਇਸ ਸ਼ਾਨਦਾਰ ਜਿੱਤ ਅਤੇ ਬਿਹਤਰੀਨ ਖੇਡ ‘ਤੇ ਪੂਰੇ ਦੇਸ਼ ਨੂੰ ਮਾਣ ਹੈ।







