Punjab Government continues migrant: ਜਲੰਧਰ: ਪੰਜਾਬ ਸਰਕਾਰ ਵਲੋਂ ਪ੍ਰਵਾਸੀ ਕਾਮਿਆਂ ਨੂੰ ਮੁਫ਼ਤ ਰੇਲ ਸਫ਼ਰ ਰਾਹੀਂ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਵਾਪਿਸ ਭੇਜਣ ਨੂੰ ਜਾਰੀ ਰੱਖਦਿਆਂ ਹੁਣ ਤੱਕ ਜਲੰਧਰ ਤੋਂ 79800 ਪ੍ਰਵਾਸੀ ਕਾਮਿਆਂ ਨੂੰ ਵਾਪਿਸ ਭੇਜਣ ’ਤੇ 4.46 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆਂ ਸੂਬਾ ਸਰਕਾਰ ਵਲੋਂ ਲਾਕਡਾਊਨ ਦੌਰਾਨ ਫਸੇ ਪ੍ਰਵਾਸੀ ਕਾਮਿਆਂ ਨੂੰ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 1600 ਪ੍ਰਵਾਸੀਆਂ ਵਾਲੀ 66ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਹਾਜ਼ੀਪੁਰ ਲਈ ਰਵਾਨਾ ਕੀਤੀ ਗਈ ਜਿਸ ’ਤੇ ਸੂਬਾ ਸਰਕਾਰ ਵਲੋਂ 9.52 ਲੱਖ ਰੁਪਏ ਖ਼ਰਚ ਕੀਤੇ ਗਏ।
ਪ੍ਰਵਾਸੀ ਕਾਮਿਆਂ ਨੂੰ ਰੇਲ ਗੱਡੀ ਵਿੱਚ ਚੜਾਉਣ ਲਈ ਵੱਖ-ਵੱਖ ਸਥਾਨਾਂ ਤੋਂ ਮੁਫ਼ਤ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ ਜਿਥੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਗਈ। ਰੇਲ ਗੱਡੀ ਵਿੱਚ ਚੜਾਉਣ ਤੋਂ ਪਹਿਲਾਂ ਪ੍ਰਵਾਸੀ ਕਾਮਿਆਂ ਨੂੰ ਮੁਫ਼ਤ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀ ਕਾਮਿਆਂ ਲਈ ਪਹਿਲਾਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ। ਇਹ 66ਵੀਂ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਬਬੀਤਾ ਕਲੇਰ ਅਤੇ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਬਲਕਾਰ ਸਿੰਘ ਦੀ ਦੇਖ-ਰੇਖ ਵਿੱਚ ਰਵਾਨਾ ਹੋਈ।