1500 playgrounds and : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਵਲੋਂ ਪਿੰਡਾਂ ਵਿਚ ਪਾਰਕ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਾਂਗ ਹੀ ਵਧ ਤੋਂ ਵਧ ਸਹੂਲਤਾਂ ਮਿਲ ਸਕਣ। ਇਹ ਜਾਣਕਾਰੀ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਾਲ ਪੰਜਾਬ ਵਿਚ 1500 ਖੇਡ ਦੇ ਮੈਦਾਨ ਤੇ ਪਾਰਕ ਬਣਾਏ ਜਾਣਗੇ। ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਵਿੱਤੀ ਸਾਲ 2020-21 ਦੌਰਾਨ ਰਾਜ ਅੰਦਰ ਕੁੱਲ 750 ਪਾਰਕ ਬਣਾਏ ਜਾਣਗੇ, ਜਿੰਨਾਂ ਵਿਚੋਂ 578 ਪਾਰਕ ਬਣਾਏ ਜਾ ਰਹੇ ਹਨ ।ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ ਵਿੱਚ 750 ਖੇਡ ਮੈਦਾਨ ਬਣਾਉਣ ਦਾ ਟੀਚਾ ਰੱਖਿਆ ਹੈ, ਜਿੰਨਾਂ ਵਿੱਚੋਂ ਕੁੱਲ 165 ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ।
ਪੰਚਾਇਤ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਨੌਜਵਾਨਾਂ ਦਾ ਰੁਝਾਨ ਨਸ਼ਿਆਂ ਵਲ ਦਿਨੋ-ਦਿਨ ਵਧ ਰਿਹਾ ਹੋਣ ਕਾਰਨ ਵੀ ਇਹ ਉਪਰਾਲਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਤਾਂ ਜੋ ਉਹ ਵਧ ਤੋਂ ਵਧ ਖੇਡਾਂ ਵਿਚ ਹਿੱਸਾ ਲੈ ਸਕਣ ਅਤੇ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ। ਤੇ ਉਨ੍ਹਾਂ ਦੇ ਇਸ ਉਪਰਾਲੇ ਵਿਚ ਪਿੰਡਾਂ ਦੀਆਂ ਪੰਚਾਇਤਾਂ ਵੀ ਕਾਫੀ ਸਹਿਯੋਗ ਦੇ ਰਹੀਆਂ ਹਨ ਜਿਸ ਨਾਲ ਪਿੰਡਾਂ ਦੀ ਦਿੱਖ ਵਧੀਆ ਬਣ ਸਕੀ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਬੇਅਬਾਦ ਪਈਆਂ ਜ਼ਮੀਨਾਂ ‘ਤੇ ਪਾਰਕ ਅਤੇ ਖੇਡ ਮੈਦਾਨ ਬਣਾਉਣ ਲਈ ਨਿਸ਼ਾਨ ਦੇਹੀ ਕਰਨ ਲਈ ਆਦੇਸ਼ ਜਾਰੀ ਕੀਤੇ ਸਨ।ਇਸ ਸਰਕਾਰ ਦੇ ਪਿਛਲੇ ਦੋ ਸਾਲਾ ਦੇ ਦੌਰਾਨ ਹੁਣ ਤੱਕ ਵਿੱਤੀ ਸਾਲ 2018-19 ਅਤੇ 2019-20 ਦੌਰਾਨ ਕੁੱਲ 913 ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਤੇ ਇਕੱਲੇ ਵਿੱਤੀ ਸਾਲ 2019-20 ਦੌਰਾਨ ਹੀ 921 ਖੇਡ ਮੈਦਾਨ ਬਣਾਏ ਗਏ ਹਨ।
ਸ਼੍ਰੀਮਤੀ ਸੀਮਾ ਜੈਨ ਪੇਂਡੂ ਵਿਕਾਸ ਵਿਭਾਗ ਦੀ ਵਿੱਤੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡਾਂ ਵਿਚ ਖੇਡ ਮੈਦਾਨ ਅਤੇ ਪਾਰਕਾਂ ਦੇ ਨਿਰਮਾਣ ਵਿਚ ਮਗਨਰੇਗਾ ਸਕੀਮ ਅਧੀਨ ਲੱਖਾਂ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡਾਂ ਦੀ ਦਿਖ ਬਦਲਣ ਲਈ ਨਿਰਧਾਰਤ ਟੀਚੇ ਕੋਰੋਨਾ ਮਹਾਂਮਾਰੀ ਦੇ ਬਵਜੂਦ ਸਮੇਂ ਸਿਰ ਪੂਰੇ ਕੀਤੇ ਜਾਣਗੇ। ਨਾਲ ਹੀ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਜਿਥੇ ਕਿਤੇ ਵੀ ਬੇਆਬਾਦ ਜ਼ਮੀਨ ਪਈਆਂ ਹਨ ਤੇ ਉਹ ਉਥੇ ਪਾਰਕ ਜਾਂ ਖੇਡ ਦੇ ਮੈਦਾਨ ਬਣਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਕਰ ਸਕਦੇ ਹਨ ਤਾਂ ਜੋ ਉਥੇ ਸੁੰਦਰ ਪਾਰਕ ਜਾਂ ਖੇਡ ਦੇ ਮੈਦਾਨ ਦਾ ਨਿਰਮਾਣ ਕੀਤਾ ਜਾ ਸਕੇ।