ਲੁਧਿਆਣਾ, (ਤਰਸੇਮ ਭਾਰਦਵਾਜ)- ਸਮਰਾਲਾ ਦੇ ਪਿੰਡ ਸੇਹ ਵਿਖੇ ਉਸ ਸਮੇਂ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਪਸਰ ਗਿਆ, ਜਦੋਂ ਇੱਕ ਅਕਾਲੀ ਆਗੂ ਦਾ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ, ਜਦੋਂ ਮ੍ਰਿਤਕ ਆਗੂ ਆਪਣੇ ਪਿੰਡ ‘ਚ ਹੀ ਧਾਰਮਿਕ ਅਸਥਾਨ ‘ਤੇ ਬੂਟੇ ਲਗਵਾਉਣ ਦਾ ਕੰਮ ਕਰ ਰਿਹਾ ਸੀ।ਜਾਣਕਾਰੀ ਮੁਤਾਬਕ ਇੱਕ ਕਾਰ ‘ਚ ਸਵਾਰ ਹੋ ਕੇ ਆਏ 6 ਵਿਅਕਤੀਆਂ ‘ਚੋਂ 4 ਬਾਹਰ ਨਿਕਲਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਦੱਸਣਯੋਗ ਹੈ ਕਿ ਘਟਨਾ ਸਥਾਨ ‘ਤੇ ਕਰੀਬ 13 ਗੋਲੀਆਂ ਚੱਲੀਆਂ ਸਨ।ਦੋਸ਼ੀਆਂ ਨੇ ਬਹੁਤ ਨਜ਼ਦੀਕ ਤੋਂ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ।ਯੂਥ ਅਕਾਲੀ ਆਗੂ ਦੇ ਕਤਲ ਮਗਰੋਂ ਪੂਰੇ ਪਿੰਡ ‘ਚ ਸੋਗ ਫੈਲ ਗਿਆ।ਮੌਕੇ ‘ਤੇ ਪਹੁੰਚੀ ਪੁਲਸ ਨੂੰ ਕਾਰਵਾਈ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਨੂੰ ਕਬਜ਼ੇ ‘ਚ ਨਹੀਂ ਲੈਣ ਦੇ ਰਹੇ।ਪੁਲਸ ਦੇ ਉੱਚ ਅਧਿਕਾਰੀ ਘਟਨਾ ਸਥਾਨ ‘ਤੇ ਮੌਜੂਦ ਹਨ ਪਰ ਕੋਈ ਵੀ ਇਸ ਘਟਨਾ ਨੂੰ ਲੈ ਕੇ ਮੂੰਹ ਨਹੀਂ ਖੋਲ ਰਿਹਾ ਹੈ।ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਦੇ ਭਰਾ ਦਾ ਕਤਲ ਹੋਇਆ ਸੀ।ਮ੍ਰਿਤਕ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ।ਮ੍ਰਿਤਕ ਦੀ ਪਛਾਣ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਰਵਿੰਦਰ ਸਿੰਘ ਸੋਨੂੰ (38) ਵਜੋਂ ਹੋਈ ਹੈ।ਪੁਲਸ ਅਨੁਸਾਰ ਅਜੇ ਤਕ ਕਿਸੇ ‘ਤੇ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਮਾਮਲਾ ਦਰਜ ਹੋਣ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।