ਲੁਧਿਆਣਾ, (ਤਰਸੇਮ ਭਾਰਦਵਾਜ)-ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਹੜ੍ਹ ‘ਚ ਵਹਿ ਚੁੱਕੀ ਹੈ।ਖੇਡਾਂ ਅਤੇ ਨੈਤਿਕਤਾ ਤੋਂ ਕੋਹਾਂ ਦੂਰ ਹੋ ਚੁੱਕਾ ਹੈ।ਉੱਥੇ ਹੀ ਮਾਛੀਵਾੜਾ ਦਾ ਇੱਕ ਨੌਜਵਾਨ ਜੋ ਜਨਮ ਤੋਂ ਅਪਾਹਜ ਅਤੇ ਗੂੰਗਾ ਹੋਣ ਦੇ ਬਾਵਜੂਦ ਹੌਂਸਲੇ ਬੁਲੰਦ ਅਤੇ ਸੁਪਨਿਆਂ ਨੂੰ ਸਾਕਾਰ ਕਰਦਾ ਹੋਇਆ ਨਸ਼ੇੜੀ ਨੌਜਵਾਨਾਂ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ।ਫੁੱਟਬਾਲ ਖਿਡਾਰੀ ਬਣਨ ਦਾ ਜਜ਼ਬਾ ਉਸਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।ਦੱਸਣਯੋਗ ਹੈ ਕਿ ਮਾਛੀਵਾੜਾ ਦੀ ਇੰਦਰਾ ਕਾਲੋਨੀ ‘ਚ ਰਹਿੰਦੇ ਅਜੈ ਕੁਮਾਰ ਦਾ ਜਨਮ 22 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਜਨਮ ਤੋਂ ਹੀ ਦੋਵੇਂ ਹੱਥਾਂ ਤੋਂ ਅਪਾਹਜ ਹੈ।
ਥੋੜ੍ਹਾ ਵੱਡਾ ਹੋਣ ‘ਤੇ ਮਾਤਾ ਪਿਤਾ ਨੂੰ ਪਤਾ ਲੱਗਾ ਕਿ ਉਹ ਬੋਲਣ ਤੋਂ ਵੀ ਅਸਮਰੱਥ ਹੈ।ਅਜੈ ਕੁਮਾਰ ਦੇ ਪਿਤਾ ਚੰਚਲ ਕੁਮਾਰ ਜੋ ਕਿ ਮਾਛੀਵਾੜਾ ਫੁੱਟਬਾਲ ਟੀਮ ਦੇ ਕੈਪਟਨ ਰਹਿ ਚੁੱਕੇ ਹਨ ਅਜੈ ਕੁਮਾਰ ਦੇ ਅੰਦਰ ਵੀ ਪਿਤਾ ਨੂੰ ਦੇਖ ਕੇ ਫੁੱਟਬਾਲ ਖੇਡਣ ਦਾ ਜਨੂੰਨ ਪੈਦਾ ਹੋਇਆ।14 ਸਾਲ ਦੀ ਉਮਰ ਤੋਂ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਜਾ ਕੇ ਦੌੜ ਲਗਾਉਣ ਲੱਗਾ ਅਤੇ। ਸਰੀਰਕ ਅਪੰਗਤਾ ਨੂੰ ਉਸਨੇ ਆਪਣੇ ਜਜ਼ਬੇ ‘ਚ ਰੁਕਾਬਟ ਨਾ ਬਣਨ ਦਿੱਤਾ ਅਤੇ ਉਹ ਰੋਜ਼ਾਨਾ ਸਟੇਡੀਅਮ ਦੇ 10 ਤੋਂ 12 ਚੱਕਰ ਲਗਾ ਦਿੰਦਾ ਹੈ।ਜਦੋਂ ਕਿ ਆਮ ਨੌਜਵਾਨ ਵੀ 5 ਤੋਂ 6 ਚੱਕਰ ਹੀ ਲਗਾ ਪਾਉਂਦੇ ਹਨ।ਦੱਸਣਯੋਗ ਹੈ ਕਿ ਅਜੈ ਕੁਮਾਰ ‘ਚ ਇਹ ਜਨੂੰਨ ਬਣ ਚੁੱਕਾ ਹੈ ਕਿ ਉਹ ਇੱਕ ਦਿਨ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਬਣ ਸਕੇ ਅਤੇ ਆਪਣੇ ਇਲਾਕੇ ਅਤੇ ਮਾਂ-ਬਾਪ ਦਾ ਨਾਮ ਰੌਸ਼ਨ ਕਰ ਸਕੇ।ਘਰ ‘ਚ ਅੱਤ ਦੀ ਗਰੀਬੀ ਅਤੇ ਅਪਾਹਜ ਹੋਣ ਕਾਰਨ ਕੋਈ ਇਸ ਨੌਜਵਾਨ ਨੂੰ ਸਹੂਲਤ ਜਾਂ ਸਹਾਇਤਾ ਦੇਣ ਲਈ ਤਿਆਰ ਨਹੀਂ।ਪਿਤਾ ਦਾ ਕਹਿਣਾ ਹੈ ਕਿ ਕੋਈ ਅਕੈਡਮੀ ਇਸ ਨੌਜਵਾਨ ਦੀ ਸਹਾਇਤਾ ਕਰੇ ਤਾਂ ਅਜੈ ਕੁਮਾਰ ਵਧੀਆ ਫੁੱਟਬਾਲ ਖਿਡਾਰੀ ਬਣ ਸਕਦਾ ਹੈ।ਪਿਤਾ ਚੰਚਲ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ ਅਪਾਹਜ ਹੋਣ ਦੇ ਬਾਵਜੂਦ ਵੀ ਵਧੀਆ ਖਿਡਾਰੀ ਬਣਨ ਦਾ ਸੁਪਨਾ ਦੇਖਦਾ ਹੈ ਪਰ ਉਸ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਹੋ ਰਹੀ।ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਅਜਿਹੇ ਹੋਣਹਾਰ ਖਿਡਾਰੀਆਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਅਜੈ ਕੁਮਾਰ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਸਕੇ।