Ludhiana thieves home robbery: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਇੱਥੇ ਗਾਂਧੀ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਾਤਿਰ ਚੋਰਾਂ ਨੇ ਇਕ ਘਰ ‘ਚ ਪਏ ਵਿਦੇਸ਼ੀ ਡਾਲਰਾਂ ਸਮੇਤ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਦੀਪਕ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਇਸ ਘਟਨਾ ਨੂੰ ਉਦੋਂ ਅੰਜ਼ਾਮ ਦਿੱਤਾ, ਜਦੋਂ ਉਹ ਕਿਸੇ ਕੰਮ ਸਬੰਧੀ ਆਪਣੇ ਸਹੁਰੇ ਪਰਿਵਾਰ ਦੇ ਘਰ ਗਏ ਹੋਇਆ ਸੀ ਜਦਕਿ ਬਾਕੀ ਪਰਿਵਾਰਿਕ ਮੈਂਬਰ ਘਰ ‘ਚ ਹੀ ਮੌਜੂਦ ਸਨ।
ਦੱਸਣਯੋਗ ਹੈ ਕਿ ਬੀਤੇ ਦਿਨ ਦੇਰ ਰਾਤ ਘਰ ਦੀ ਕੰਧ ਟੱਪ ਕੇ ਕੁਝ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋਏ ਅਤੇ ਸੁੱਤੇ ਪਏ ਜੀਆਂ ਦੀ ਮੌਜੂਦਗੀ ‘ਚ ਅਲਮਾਰੀਆਂ ਦੇ ਤਾਲੇ ਤੋੜ ਕੇ ਘਰ ‘ਚੋਂ 2300 ਅਮਰੀਕਨ ਡਾਲਰ,100 ਕੈਨੇਡੀਅਨ ਡਾਲਰ, ਨਗਦੀ ਸਮੇਤ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਗਏ। ਸਵੇਰਸਾਰ ਜਦ ਪਰਿਵਾਰ ਦੇ ਬਾਕੀ ਮੈਂਬਰ ਜਾਗੇ ਤਾਂ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਮਿਲੀ। ਇਸ ਮਾਮਲੇ ‘ਚ ਤਫਤੀਸ਼ੀ ਅਫਸਰ ਦਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਘਰ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।