Captain seeks help : ਚੰਡੀਗੜ੍ਹ : ਵਿਦੇਸ਼ ‘ਚ ਜਾਣ ਵਾਲਾ ਹਰ ਨੌਜਵਾਨ ਮਨ ‘ਚ ਕੁਝ ਸੁਪਨੇ ਲੈ ਕੇ ਜਾਂਦਾ ਹੈ ਕਿ ਕਿ ਉਹ ਉਥੇ ਪੁੱਜ ਕੇ ਆਪਣੇ ਲਈ ਤੇ ਆਪਣੇ ਪਰਿਵਾਰ ਵਾਲਿਆਂ ਲਈ ਪੈਸੇ ਕਮਾਏਗਾ ਤੇ ਕੁਝ ਬਣਾ ਕੇ ਦਿਖਾਏਗਾ ਪਰ ਵਿਦੇਸ਼ੀ ਧਰਤੀ ‘ਤੇ ਜਾ ਕੇ ਰੋਜ਼ੀ-ਰੋਟੀ ਕਮਾਉਣਾ ਸੌਖਾ ਨਹੀਂ ਹੈ। ਅਜਿਹੀ ਹੀ ਇੱਕ ਉਦਾਹਰਣ ਜਿਲ੍ਹਾ ਗੁਰਦਾਸਪੁਰ ਦੇ ਗੁਰਦੀਪ ਸਿੰਘ ਤੇ ਫਗਵਾੜਾ ਦੇ ਚਰਨਜੀਤ ਸਿੰਘ ਯੂਏਈ ਵਜੋਂ ਸਾਡੇ ਸਾਹਮਣੇ ਆਈ ਹੈ ਜਿਥੇ ਉਹ ਭੈੜੇ ਹਾਲਾਤ ਦਾ ਸ਼ਿਕਾਰ ਹੋ ਕੇ ਫੁਟਪਾਥ ‘ਤੇ ਰਹਿਣ ਨੂੰ ਮਜਬੂਰ ਹਨ। ਇਹ ਦੋਵੇਂ ਨੌਜਵਾਨ ਵਿਦੇਸ਼ਾਂ ‘ਚ ਨਰਕ ਭਰਤੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਦੀ ਬੁਰੀ ਹਾਲਤ ਦਾ ਪਤਾ ਚੱਲਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਰੋਜ਼ਗਾਰ ਲਈ ਯੂਏਈ ਗਏ ਸੀ, ਪਰ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਭੁਖਮਰੀ ਦਾ ਸਾਹਮਣਾ ਕਰ ਰਹੇ ਹਨ ਤੇ ਫੁਟਪਾਥ ‘ਤੇ ਰਹਿਣ ਨੂੰ ਮਜਬੂਰ ਹਨ। ਪਿਛਲੇ ਦਿਨ ਯੂਏਈ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਨੌਜਵਾਨ ਰਈਸ ਕੁਮਾਰ ਦੀ ਨਜ਼ਰ ਉਨ੍ਹਾਂ ‘ਤੇ ਪਈ, ਤਾਂ ਉਸ ਨੇ ਵੀਡੀਓ ਵਾਇਰਲ ਕਰਕੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਦੁਬਈ ‘ਚ ਭਾਰਤ ਦੇ ਅੰਬੈਸਡਰ ਅੰਬ ਕਪੂਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋਵੇਂ ਪੰਜਾਬੀਆਂ ਨੂੰ ਭਾਰਤ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨ।
ਗੁਰਦੀਪ ਸਿੰਘ ਦੀ ਮਾਤਾ ਨੇ ਕਿਹਾ ਕਿ ਲਗਪਗ ਡੇਢ ਸਾਲ ਪਹਿਲਾਂ ਉਨ੍ਹਾਂ ਆਪਣੇ ਬੇਟੇ ਗੁਰਦੀਪ ਸਿੰਘ ਨੂੰ ਦੁਬਈ ਭੇਜਿਆ ਸੀ ਪਰ ਉਨ੍ਹਾਂ ਨਾਲ ਏਜੰਟ ਨੇ ਧੋਖਾ ਕੀਤਾ। ਉਨ੍ਹਾਂ ਦੇ ਬੇਟੇ ਨੂੰ ਤਿੰਨ ਮਹੀਨੇ ਦਾ ਟੂਰਿਸਟ ਵੀਜ਼ਾ ਲਾ ਕੇ ਭੇਜ ਦਿੱਤਾ ਗਿਆ, ਜਦਕਿ ਏਜੰਟ ਵੱਲੋਂ ਉਨ੍ਹਾਂ ਨੂੰ ਵਰਕ ਪਰਮਿਟ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਜਲਦ ਤੋਂ ਜਲਦ ਗੁਰਦੀਪ ਨੂੰ ਭਾਰਤ ਭੇਜਿਆ ਜਾਵੇ। ਉਂਝ ਪਹਿਲ ਚੈਰਟੀਟੇਬਲ ਟਰੱਸਟ ਦੇ ਮੁਖੀ ਜੋਗਿੰਦਰ ਸਿੰਘ ਸਲਾਰੀਆ ਨੇ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਲੱਭ ਕੇ ਆਪਣੇ ਕੋਲ ਲੈ ਆਉਂਦਾ ਹੈ ਤੇ ਇੱਕ ਹਫਤੇ ਦੇ ਅੰਦਰ ਹੀ ਇਨ੍ਹਾਂ ਨੂੰ ਘਰ ਪਹੁੰਚਾ ਦਿੱਤਾ ਜਾਵੇਗਾ।