Sikhs will be : ਅਮਰੀਕਾ ‘ਚ ਸਿੱਖਾਂ ਨੂੰ 2020 ਦੀ ਜਨਗਣਨਾ ਵਿੱਚ ਪਹਿਲੀ ਵਾਰ ਇੱਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ‘ਚ ਸਿੱਖਾਂ ਨੂੰ ਏਸ਼ੀਆਈ ਭਾਰਤੀਆਂ ਵਜੋਂ ਨਹੀਂ ਗਿਣਿਆ ਜਾਵੇਗਾ। ਜਨਗਣਨਾ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਕਾਨੂੰਨੀ ਪਾਬੰਦੀ ਕਾਰਨ ਸਿੱਖੀ ਨੂੰ ਉਹ ਇੱਕ ‘ਸੱਭਿਆਚਾਰਕ’ ਜਾਂ ਇੱਕ ‘ਧਾਰਮਿਕ ਜਾਤ’ ਵਜੋਂ ਲੈਣਗੇ। ਸਿੱਖੀ ਜਨਗਣਨਾ ਫਾਰਮ ਵਿਚ ਇੱਕ ਵਰਗ ਵਜੋਂ ਨਹੀਂ ਹੋਵੇਗੀ। ਅਮਰੀਕੀ ਨਾਗਰਿਕਾਂ ਲਈ ਇਸ ਨੂੰ ਕਾਨੂੰਨੀ ਤੌਰ ’ਤੇ ਭਰਨਾ ਲਾਜ਼ਮੀ ਹੈ। ਪਰ ਸਿੱਖ ‘ਹੋਰ ਏਸ਼ੀਆਈ’ ਵਰਗ ’ਤੇ ਸਹੀ ਲਾ ਸਕਦੇ ਹਨ ਤੇ ਧਰਮ ਨੂੰ ਸਬ-ਕੈਟਾਗਿਰੀ ਵਜੋਂ ਲਿਖ ਸਕਦੇ ਹਨ। ਬਜਾਏ ਇਸ ਦੇ ਕਿ ਉਹ ਖ਼ੁਦ ਨੂੰ ਭਾਰਤੀ ਏਸ਼ੀਆਈ ਜਾਂ ਹੋਰ ਸੂਚੀਬੱਧ ਨਸਲੀ ਪਛਾਣਾਂ ਦੇ ਤੌਰ ’ਤੇ ਜ਼ਾਹਿਰ ਕਰਨ।
ਸਿੱਖਾਂ ਤੇ ਕੁੱਝ ਹੋਰਾਂ ਨੂੰ ਇੱਕ ਕੋਡ ਮਿਲੇਗਾ ਜੋ ਕਿ ਉਨ੍ਹਾਂ ਨੂੰ 2020 ਦੀਆਂ ਰਿਪੋਰਟਾਂ ‘ਚ ਵੱਖਰੇ ਤੌਰ ਉਤੇ ਦਰਸਾਏਗਾ। ਇਸ ਤਰ੍ਹਾਂ ‘ਸਿੱਖ’ ਵੱਖਰੇ ਤੌਰ ’ਤੇ ‘ਏਸ਼ੀਆਈ’ ਨਸਲ ਵਰਗ ਵਿਚ ਵਿਸਤਾਰਤ ਆਬਾਦੀ ਗਰੁੱਪ ਵਜੋਂ ਸ਼ਾਮਲ ਹੋਣਗੇ ਨਾ ਕਿ ‘ਏਸ਼ਿਆਈ ਭਾਰਤੀ’ ਵਜੋਂ। ਇਸ ਜਨਗਣਨਾ ‘ਚ ਸਿੱਖਾਂ ਦਾ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਯੂਨਾਈਟਿਡ ਸਿੱਖਸ ਮੁਤਾਬਕ ਫਿਲਹਾਲ ਅਮਰੀਕਾ ‘ਚ 10 ਲੱਖ ਸਿੱਖ ਰਹਿ ਰਹੇ ਹਨ। ਸਿੱਖ, ਸੰਯੁਕਤ ਰਾਜ ਦੀ ਜਨਗਣਨਾ ਵਿੱਚ ਇੱਕ ਵੱਖਰੇ ਨਸਲੀ ਸਮੂਹ ਵਜੋਂ ਪ੍ਰਤੀਨਿਧਤਾ ਦੇ ਮਾਪਦੰਡਾਂ ‘ਤੇ ਖਰੇ ਉਤਰੇ ਹਨ ਅਤੇ ਇੱਕ ਵੱਖਰੀ ਏਕੀਕ੍ਰਿਤ ਦਿੱਖ, ਸੱਭਿਆਚਾਰ, ਭਾਸ਼ਾ, ਭੋਜਨ ਅਤੇ ਇਤਿਹਾਸ ਰੱਖਦੇ ਹਨ।