Video of mother : ਅੰਮ੍ਰਿਤਸਰ : ਅੰਮ੍ਰਿਤਸਰ ‘ਚ 3 ਸਾਲ ਦੇ ਇੱਕ ਬੱਚੇ ਨਾਲ ਉਸ ਦੀ ਮਾਂ ਵੱਲੋਂ ਬੇਰਹਿਮੀ ਨਾਲ ਮਾਰਕੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਤਲਾਕ ਤੋਂ ਬਾਅਦ ਦੂਜੀ ਜਗ੍ਹਾ ਵਿਆਹੀ ਆਈ ਇਸ ਔਰਤ ਦੀ ਲੜਾਈ ਪਤੀ ਨਾਲ ਹੁੰਦੀ ਸੀ ਤੇ ਗੁੱਸਾ ਬੱਚੇ ‘ਤੇ ਕੱਢਿਆ ਜਾਂਦਾ ਸੀ। ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਕਿ ਉਸ ਦੇ ਹੱਥ-ਪੈਰ ਦੀ ਹੱਡੀ ਤਕ ਟੁੱਟ ਗਈ। ਕਈ ਜਗ੍ਹਾ ਸਾੜਨ ਦੇ ਨਿਸ਼ਾਨ ਵੀ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਜਿਸ ਕਾਰਨ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਨਾਲ ਹੀ ਬੱਚੇ ਨੂੰ ਕਸਟਡੀ ‘ਚ ਲੈ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦਾ ਹੈ। ਮਿਲੀ ਜਾਮਕਾਰੀ ਮੁਤਾਬਕ ਮਨਪ੍ਰੀਤ ਨਾਂ ਦੀ ਔਰਤ ਦਾ ਇੱਕ ਥਾਂ ਤੋਂ ਤਲਾਕ ਹੋ ਚੁੱਕਾ ਹੈ। ਇਸ ਤੋਂ ਬਾਅਦ 3 ਮਹੀਨੇ ਪਹਿਲਾਂ ਹੀ ਉਸ ਨੇ ਸੁਲਤਾਨਵਿੰਡ ਦੇ ਜਗਜੀਤ ਸਿੰਘ ਨਾਲ ਦੂਜਾ ਵਿਆਹ ਕੀਤਾ ਹੈ, ਜਿਸ ਤੋਂ ਉਹ 3 ਮਹੀਨੇ ਦੀ ਗਰਭਵਤੀ ਵੀ ਹੈ। ਬੀਤੇ ਦਿਨੀਂ ਇਸ ਔਰਤ ਦਾ ਆਪਣੇ ਹੀ 3 ਸਾਲ ਦੇ ਬੇਟੇ ‘ਤੇ ਜ਼ੁਲਮ ਢਾਹੁਣ ਦਾ ਵੀਡੀਓ ਵਾਇਰਲ ਹੋਇਆ। ਜਾਂਚ ‘ਚ ਪਤਾ ਲੱਗਾ ਕਿ ਵੀਡੀਓ ਬੱਚੇ ਦੇ ਸੌਤੇਲੇ ਪਿਤਾ ਜਗਜੀਤ ਨੇ ਹੀ ਬਣਾ ਕੇ ਵਾਇਰਲ ਕੀਤਾ ਸੀ। ਉਸ ਦੀ ਮੰਗ ਹੈ ਕਿ ਉਸ ਦੀ ਪਤਨੀ ‘ਤੇ ਇਸ ਹਰਕਤ ਨੂੰ ਲੈ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ । ਦੂਜੇ ਪਾਸੇ ਔਰਤ ਦਾ ਕਹਿਣਾ ਹੈ ਕਿ ਕੋਈ ਵੀ ਮਾਂ ਆਪਣੇ ਬੱਚੇ ਨੂੰ ਇੰਨੀ ਬੇਦਰਦੀ ਨਾਲ ਨਹੀਂ ਮਾਰ ਸਕਦੀ। ਪਤੀ ਮੈਨੂੰ ਵੀ ਮਾਰਦਾ ਹੈ ਤੇ ਬੱਚੇ ਨੂੰ ਵੀ। ਜਿੰਨਾ ਮੈਂ ਆਪਣੇ ਬੱਚੇ ਨੂੰ ਮਾਰਿਆ, ਉਸ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਤੇ ਜਿੰਨਾ ਮੇਰੇ ਪਤੀ ਨੇ ਇਸ ਬੱਚੇ ਦੇ ਸੌਤੇਲੇ ਪਿਓ ਨੇ ਉਸ ਨੂੰ ਵੀ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਵਾਇਰਲ ਹੋਇਆ ਵੀਡੀਓ ਦੋ ਮਹੀਨੇ ਪੁਰਾਣਾ ਹੈ ਤੇ ਬੱਚੇ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਹਨ ਤਾਂ ਵੀਡੀਓ ਵਾਇਰਲ ਕਰਨ ਵਾਲੇ ਪਿਓ ਨੇ ਇਸ ਦਾ ਇਲਾਜ ਕਿਉਂ ਨਹੀਂ ਕਰਵਾਇਆ।