Datesheet issued by : ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਸਰਵੇ 21 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਸਿੱਖਿਆ ਵਿਭਾਗ ਨੇ ਇਸ ਸਰਵੇ ਦੀ ਸਫਲਤਾ ਲਈ ਗਾਰਡੀਅਨ ਆਫ਼ ਗਵਰਨੈਂਸ ਦੀ ਮਦਦ ਲੈਣ ਦਾ ਵੀ ਫੈਸਲਾ ਕੀਤਾ ਹੈ। ਇਸ ਸਬੰਧੀ ਸਾਰੀ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਦਿੱਤੀ ਗਈ। ਉੁਨ੍ਹਾਂ ਦੱਸਿਆ ਕਿ ਇਹ ਸਰਵੇ ਪਹਿਲੀ ਤੋਂ ਲੈ ਕੇ 12 ਜਮਾਤ ਦੇ ਵਿਦਿਆਰਥੀਆਂ ਦੇ ਆਧਾਰ ’ਤੇ ਹੋਵੇਗਾ। ਪਹਿਲੀ ਜਮਾਤ ਵਿਦਿਆਰਥੀਆਂ ਲਈ ਹਰੇਕ ਵਿਸ਼ੇ ਦੇ 10 ਸਵਾਲ ਹੋਣਗੇ ਜਦਕਿ ਦੂਜੀ ਤੋਂ ਪੰਜਵੀਂ ਜਮਾਤ ਲਈ ਹਰੇਕ ਵਿਸ਼ੇ ਦੇ 15 ਸਵਾਲ ਹੋਣਗੇ। ਹਰੇਕ ਸਵਾਲ 2 ਅੰਕਾਂ ਦਾ ਹੋਵੇਗਾ। ਬੁਲਾਰੇ ਅਨੁਸਾਰ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਰੇਕ ਪੇਪਰ ਦੇ 20 ਸਵਾਲ ਹੋਣਗੇ ਅਤੇ ਇੱਕ ਪੇਪਰ 40 ਅੰਕਾਂ ਦਾ ਹੋਵੇਗਾ। ਪ੍ਰਾਇਮਰੀ ਸਕੂਲਾਂ ਦਾ ਸਰਵੇ ਇਮਤਿਹਾਨ 21 ਸਤੰਬਰ ਨੂੰ ਸ਼ੁਰੂ ਹੋ ਕੇ 25 ਸਤੰਬਰ ਨੂੰ ਖਤਮ ਹੋ ਜਾਵੇਗਾ ਜਦਕਿ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦਾ ਸਰਵੇ 21 ਸਤੰਬਰ ਤੋਂ ਸ਼ੁਰੂ ਹੋ ਕੇ 26 ਸਤੰਬਰ ਤੱਕ ਚੱਲੇਗਾ। ਗਿਆਰਵੀਂ ਅਤੇ ਬਾਹਰਵੀਂ ਲਈ ਸਰਵੇ 21 ਸਤੰਬਰ ਤੋਂ ਸ਼ੁਰੂ ਹੋ ਕੇ 3 ਅਕਤੂਬਰ ਖਤਮ ਹੋਵੇਗਾ।
ਬੁਲਾਰੇ ਅਨੁਸਾਰ ਡਾਇਰੈਕਟਰ SCERT ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਪੀ.ਏ.ਐਸ. ਦੇ ਸਬੰਧ ਵਿੱਚ ਗਾਰਡੀਅਨ ਆਫ਼ ਗਵਰਨੈਂਸ ਦੀ ਮਦਦ ਲੈਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਗਾਰਡੀਅਨ ਆਫ਼ ਗਵਰਨੈਂਸ ਪੰਜਾਬ ਅਚੀਵਮੈਂਟ ਸਰਵੇ ਦੇ ਸਬੰਧੀ ਗਤੀਵਿਧੀਆਂ ਵਿੱਚ ਸਕੂਲਾਂ ਅਤੇ ਸਮੁਦਾਇ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਇਸੇ ਦੌਰਾਨ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਵੇ ਲਈ ਗਾਰਡੀਅਨ ਆਫ਼ ਗਵਰਨੈਂਸ (ਜੀ.ਓ.ਜੀ) ਦੀ ਮਦਦ ਲੈਣ ਵਾਸਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਵਾਉਣ ਲਈ ਆਯੋਜਿਤ ਕਰਵਾਏ ਜਾ ਰਹੇ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਨੂੰ ਪੂਰੀ ਤਰ੍ਹਾਂ ਸਫਲ ਬਨਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਗਾਰਡੀਅਨ ਆਫ਼ ਗਵਰਨੈਂਸ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ।