ludhiana weather heatwave continue: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਹੁੰਮਸ ਭਰੀ ਗਰਮੀ ਜਾਰੀ ਹੈ। ਅੱਜ ਭਾਵ ਮੰਗਲਵਾਰ ਨੂੰ ਵੀ ਮੌਸਮ ਸਾਫ ਰਿਹਾ ਪਰ ਸਵੇਰ ਤੋਂ ਹੀ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਅਤੇ ਹਵਾ ਵੀ ਬੰਦ ਹੋਣ ਕਾਰਨ ਲੋਕ ਗਰਮੀ ਤੋਂ ਬੇਹਾਲ ਹੋ ਗਏ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸ਼ਹਿਰ ‘ਚ 23 ਸਤੰਬਰ ਨੂੰ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ।
ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ ਮੁਤਾਬਕ 24 ਸਤੰਬਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੇ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਬਾਅਦ ਵੀ ਬੱਦਲਾਂ ਛਾਏ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਬਾਰਿਸ਼ ਨੂੰ ਲੈ ਕੇ ਵਿਭਾਗ ਨੇ ਹੁਣ ਕੁਝ ਨਹੀਂ ਕਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹੁਣ 2 ਦਿਨਾਂ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ। 24 ਸਤੰਬਰ ਤੋਂ ਬਾਅਦ ਥੋੜੇ ਬੱਦਲ ਛਾਏ ਰਹਿ ਸਕਦੇ ਹਨ ਪਰ ਇਸ ਤੋਂ ਬਾਅਦ ਵੀ ਮੌਸਮ ਸਾਫ ਰਹੇਗਾ ਹਾਲਾਂਕਿ ਵਿਦਾਈ ਵੱਲ ਵੱਧ ਰਹੇ ਮਾਨਸੂਨ ਤੋਂ ਹੁਣ ਬਹੁਤ ਜਿਆਦਾ ਉਮੀਦਾਂ ਨਹੀਂ ਹਨ। ਤੇਜ਼ ਬਾਰਿਸ਼ ਦੀ ਤਾਂ ਕੋਈ ਵੀ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਮੌਸਮ ‘ਚ ਲੋਕ ਘਰਾਂ ਤੋਂ ਘੱਟ ਹੀ ਨਿਕਲ ਰਹੇ ਹਨ। ਜ਼ਿਲ੍ਹੇ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਕਾਰਨ ਬਾਜ਼ਾਰਾਂ ‘ਚ ਵੀ ਸੰਨਾਟਾ ਪਸਰਿਆ ਹੋਇਆ ਹੈ।