samrala suicide youth girl: ਲੁਧਿਆਣਾ (ਤਰਸੇਮ ਭਾਰਦਵਾਜ)-ਇਸ਼ਕ ‘ਚ ਇਨਸਾਨ ਕਿਸ ਕਦਰ ਤੱਕ ਅੰਨ੍ਹਾ ਹੋ ਸਕਦਾ ਹੈ ਤੇ ਬਿਨਾਂ ਕੁਝ ਸੋਚੇ ਸਮਝੇ ਗਲਤ ਕਦਮ ਚੁੱਕ ਲੈਂਦਾ ਹੈ, ਇਸ ਦੀ ਤਾਜ਼ਾ ਮਿਸਾਲ ਸਮਰਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਸ਼ਖਸ ਵੱਲੋਂ ਕੁਝ ਸਾਲਾਂ ਤੋਂ ਜਾਣ ਪਛਾਣ ਵਾਲੀ ਔਰਤ ਨਾਲ ਮਿਲ ਕੇ ਫਾਹਾ ਲੈ ਕੇ ਜਿੰਦਗੀ ਖਤਮ ਕਰ ਲਈ ਹੈ। ਦੋਵਾਂ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (40) ਵਜੋਂ ਹੋਈ ਹੈ, ਜੋ ਕਿ ਸਿਹਤ ਵਿਭਾਗ ‘ਚ ਮੁਲਾਜ਼ਮ ਸੀ ਜਦਕਿ ਉਸ ਦੇ ਨਾਲ ਫਾਹਾ ਲੈ ਕੇ ਮਰਨ ਵਾਲੀ ਔਰਤ ਦੀ ਪਛਾਣ ਅਮਨਪ੍ਰੀਤ ਕੌਰ ਦੇ ਰੂਪ ‘ਚ ਕੀਤੀ ਗਈ ਹੈ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕਦੀ ਮਿਲੀ, ਜਦਕਿ ਅਮਨਪ੍ਰੀਤ ਕੌਰ ਦੀ ਲਾਸ਼ ਹੇਠਾਂ ਪਈ ਸੀ। ਪੁਲਿਸ ਨੇ 174 ਅਧੀਨ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਇੰਝ ਚੁੱਕਿਆ ਖੌਫਨਾਕ ਕਦਮ-ਦੋਵਾਂ ਨੇ ਪਿੰਡ ਬਾਲਿਓ ਵਿਖੇ ਗੁਰਪ੍ਰੀਤ ਸਿੰਘ ਦੇ ਘਰ ਇਸ ਖੌਫ਼ਨਾਕ ਘਟਨਾ ਨੂੰ ਉਸ ਵਖ਼ਤ ਅੰਜਾਮ ਦਿੱਤਾ, ਜਦੋਂ ਘਰ ‘ਚ ਕੋਈ ਨਹੀਂ ਸੀ, ਹਾਲਾਂਕਿ ਗੁਰਪ੍ਰੀਤ ਸਿੰਘ ਆਪਣੇ ਸਹੁਰੇ ਪਿੰਡ ਘਰ ਜਵਾਈ ਦੇ ਰੂਪ ‘ਚ ਰਹਿੰਦਾ ਸੀ ਪਰ ਖ਼ੁਦਕੁਸ਼ੀ ਵਰਗਾ ਵੱਡਾ ਕਦਮ ਉਸ ਨੇ ਆਪਣੇ ਪਿੰਡ ਬਾਲਿਓ ਵਿਖੇ ਆ ਕੇ ਚੁੱਕਿਆ। ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਜੀਤ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਿਵਲ ਹਸਪਤਾਲ ਵਿਖੇ ਦਰਜਾ ਚਾਰ ਵਜੋਂ ਡਿਊਟੀ ਕਰਦਾ ਸੀ ਅਤੇ ਉਸ ਦੇ ਨਾਲ ਖ਼ੁਦਕੁਸ਼ੀ ਕਰਨ ਵਾਲੀ ਬੀਬੀ ਅਮਨਪ੍ਰੀਤ ਕੌਰ ਪਿੰਡ ਰਾਈਆ ਵਿਖੇ ਵਿਆਹੀ ਹੋਈ ਸੀ। ਅਕਸਰ ਅਮਨਪ੍ਰੀਤ ਕੌਰ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਲਈ ਆਇਆ ਕਰਦੀ ਸੀ ਅਤੇ ਇਸ ਦਰਮਿਆਨ ਉਸ ਦੀ ਜਾਣ-ਪਛਾਣ ਗੁਰਪ੍ਰੀਤ ਸਿੰਘ ਨਾਲ ਹੋ ਗਈ। ਗੁਰਪ੍ਰੀਤ ਸਿੰਘ ਦੇ ਵਿਆਹ ਨੂੰ 10-11 ਸਾਲ ਹੋ ਗਏ ਸਨ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ, ਜਦੋਂ ਕਿ ਅਮਨਪ੍ਰੀਤ ਕੌਰ ਦੇ ਵਿਆਹ ਨੂੰ ਅਜੇ 5 ਸਾਲ ਹੀ ਹੋਏ ਸਨ ਅਤੇ ਉਸ ਦਾ ਦੋ ਸਾਲ ਦਾ ਬੱਚਾ ਵੀ ਹੈ।