Bloody battle between : ਤਰਨਤਾਰਨ ਦੇ ਪਿੰਡ ਸ਼ੇਰੋਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਪਹਿਲਵਾਨ ਭਰਾਵਾਂ ਵਿਚਕਾਰ ਵਿਵਾਦ ਹੋ ਗਿਆ। ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਭਰਾ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜੀ ਧਿਰ ਦਾ ਇੱਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।
ਥਾਣਾ ਸਰਹਾਲੀ ਕਲਾਂ ਦੇ ਮੁਖੀ ਚਰਨ ਸਿੰਘ ਨੇ ਦੱਸਿਆ ਕਿ ਪਹਿਲਵਾਨ ਜੋਗਿੰਦਰ ਸਿੰਘ ਟਾਈਗਰ ਦੇ ਬੇਟੇ ਪੱਪੂ ਦਾ ਆਪਣੇ ਭਰਾ ਅਮਰੀਕ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਨੂੰ ਲੈ ਕੇ ਅਮਰੀਕ ਦੇ ਬੇਟੇ ਦੇ ਸਹੁਰੇ ਵਾਲੇ ਵੀ ਆਏ ਹੋਏ ਹਨ। ਅੱਜ ਸਵੇਰੇ ਦੋਵੇਂ ਧਿਰਾਂ ‘ਚ ਵਿਵਾਦ ਹੋ ਗਿਆ। ਪੱਪੂ ਨੇ ਆਪਣੇ ਪੁੱਤਰ ਕਰਨ ਪਹਿਲਵਾਨ ਨਾਲ ਮਿਲ ਕੇ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਅਮਰੀਕ ਦੇ ਇੱਕ ਰਿਸ਼ਤੇਦਾਰ ਨੌਜਵਾਨ ਨੂੰ ਲੱਗੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਰਹਾਲੀ ਮੌਕੇ ‘ਤੇ ਪੁੱਜੀ। ਉਨ੍ਹਾਂ ਦੱਸਿਆ ਕਿ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।