Elderly couple brutally murdered : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪਿੰਡ ਸ਼ਿਕਾਰਪੁਰ ਵਿੱਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਰਾਤ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ, ਜਦਕਿ ਵੀਰਵਾਰ ਸਵੇਰੇ ਦੋਹਾਂ ਦੀਆਂ ਲਾਸ਼ਾਂ ਲਹੂਲੁਹਾਨ ਹਾਲਤ ਵਿੱਚ ਮਿਲੀਆਂ। ਘਟਨਾ ਦਾ ਕਾਰਨ ਲੁੱਟ ਮੰਨਿਆ ਜਾ ਰਿਹਾ ਹੈ, ਕਿਉਂਕਿ ਪੂਰਾ ਘਰ ਵਿੱਚ ਸਾਮਾਨ ਇਧਰ-ਉਧਰ ਖਿਲਰਿਆ ਹੋਇਆ ਸੀ। ਗੁਆਂਢੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਭੇਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਅਨਾਜ ਦੇ ਭਰੇ ਬੋਰਿਆਂ ਨਾਲ ਦਬਾਇਆ ਗਿਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕਾਂ ਦੀ ਪਛਾਣ 62 ਸਾਲਾ ਜਰਨੈਲ ਸਿੰਘ ਅਤੇ ਉਸਦੀ ਪਤਨੀ ਜੋਗਿੰਦਰ ਕੌਰ ਨਿਵਾਸੀ ਪਿੰਡ ਸ਼ਿਕਾਰਪੁਰ ਵਜੋਂ ਹੋਈ ਹੈ। ਉਨ੍ਹਾਂ ਦਾ ਇਕ ਬੇਟਾ ਯੂਰਪ ਵਿੱਚ ਹੈ ਅਤੇ ਦੂਸਰਾ ਪੁੱਤਰ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਵਿੱਚ ਰਹਿੰਦਾ ਹੈ। ਉਹ ਉਥੇ ਇਕ ਮੈਡੀਕਲ ਸਟੋਰ ਚਲਾਉਂਦਾ ਹੈ। ਇੱਥੇ ਜੋੜਾ ਇਕੱਲਾ ਰਹਿੰਦਾ ਸੀ। ਇਹ ਜੋੜਾ ਬੁੱਧਵਾਰ ਰਾਤ ਨੂੰ ਘਰ ਸੁੱਤਾ ਹੋਇਆ ਸੀ। ਇਸ ਦੌਰਾਨ ਕਿਸੇ ਨੇ ਦੋਹਾਂ ਨੂੰ ਮਾਰ ਦਿੱਤਾ। ਵੀਰਵਾਰ ਦੀ ਸਵੇਰ ਨੂੰ ਇਸ ਗੱਲ ਦਾ ਪਤਾ ਲੱਗਾ, ਜਦੋਂ ਦੋਹਾਂ ਦੀਆਂ ਲਾਸ਼ਾਂ ਵਰਾਂਡੇ ਵਿਚ ਖੂਨ ਨਾਲ ਲਥਪਥ ਮਿਲੀਆਂ। ਇਹ ਮੰਨਿਆ ਜਾਂਦਾ ਹੈ ਕਿ ਕੁਝ ਲੋਕ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਹੋਣਗੇ ਅਤੇ ਉਨ੍ਹਾਂ ਨੇ ਜਰਨੈਲ ਸਿੰਘ ਅਤੇ ਜੋਗਿੰਦਰ ਕੌਰ ਦੇ ਸਿਰ ‘ਤੇ ਕਈ ਵਾਰ ਕੀਤੇ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲੋਕਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਫਿਲਹਾਲ ਇਸ ਨੂੰ ਲੁੱਟ ਦੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ, ਪਰ ਇਹ ਵੀ ਡਰ ਹੈ ਕਿ ਇਨ੍ਹਾਂ ਕਤਲੇਆਮ ਪਿੱਛੇ ਕੋਈ ਦੁਸ਼ਮਣੀ ਵੀ ਹੋ ਸਕਦੀ ਹੈ।