Brave Kusum of Jalandhar : ਜਲੰਧਰ : ਲੁਟੇਰਿਆਂ ਦਾ ਬਹਾਦੁਰੀ ਨਾਲ ਸਾਹਮਣਾ ਕਰਨ ਵਾਲੀ ਜਲੰਧਰ ਦੀ 15 ਸਾਲਾ ਕੁਸੁਮ ਨੂੰ ਮੁੱਖ ਮੰਤਰੀ ਦਫਤਰ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵਲੋਂ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਕੁਸੁਮ ਨੂੰ ਸ਼ੁੱਕਰਵਾਰ ਨੂੰ ਉਸ ਵਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਬਦਲੇ ਸੌਂਪਿਆ ਜਾਵੇਗਾ।
ਦੱਸਣਯੋਗ ਹੈ ਕਿ ਕੁਸੁਮ ਨੂੰ ਉਸ ਦੀ ਬਹਾਦੁਰੀ ਲਈ ਡੀਸੀ ਵੱਲੋਂ ਵੀ 10 ਸਤੰਬਰ ਨੂੰ ਇੱਕ ਲੱਖ ਦਾ ਚੈੱਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਕੁਸੁਮ ਦੇ ਨਾਮ ਦੀ ਕੌਮੀ ਅਤੇ ਰਾਜ ਬਹਾਦਰੀ ਐਵਾਰਡ ਲਈ ਸਿਫ਼ਾਰਸ਼ ਕੀਤੀ ਜਾ ਚੁੱਕੀ ਹੈ। ਉਸ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਮਾਰਟ ਫੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ ਸੀ। ਕੁਸੁਮ ਨੂੰ ’ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਦੀ ਬ੍ਰਾਂਡ ਅੰਬੈਂਸਡਰ ਵਜੋਂ ਵੀ ਚੁਣਿਆ ਗਿਆ ਹੈ ਤਾਂਜੋ ਹੋਰਨਾਂ ਲੜਕੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਬੀਤੀ 30 ਅਗਸਤ ਨੂੰ ਟਿਊਸ਼ਨ ਪੜ੍ਹ ਕੇ ਆਉਂਦੇ ਸਮੇਂ ਕੁਸੁਮ ਤੋਂ ਦੋ ਲੁਟੇਰਿਆਂ ਨੇ ਦੀਨ ਦਿਆਲ ਉਪਾਧਿਆਏ ਨਗਰ ਵਿੱਚ ਮੋਬਾਈਲ ਫੋਨ ਖੋਹ ਲਿਆ ਸੀ। ਇਸ ਦੌਰਾਨ ਬਹਾਦਰੀ ਦਿਖਾਉਂਦੇ ਹੋਏ ਕੁਸੁਮ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਮੋਟਰਸਾਈਕਲ ’ਤੇ ਪਿੱਛੇ ਬੈਠੇ ਲੁਟੇਰੇ ਨੂੰ ਫੜ ਕੇ ਜ਼ਮੀਨ ’ਤੇ ਖਿੱਚ ਲਿਆ। ਇਹ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਉਸ ਤੋਂ ਆਪਣੇ ਆਪ ਨੂੰ ਛੁਡਵਾਉਣ ਲਈ ਉਸ ਦੀ ਗਰਦਨ ’ਤੇ ਵਾਰ ਕਰ ਦਿੱਤਾ, ਜੋਕਿ ਕੁਸੁਮ ਦੇ ਹੱਥ ’ਤੇ ਲੱਗੀ। ਹਾਲਾਂਕਿ ਕੁਸੁਮ ਜ਼ਖਮੀ ਹੋ ਗਈ ਸੀ, ਇਸ ਦੇ ਬਾਵਜੂਦ ਉਸ ਨੇ ਮੋਬਾਈਲ ਫੋਨ ਅਤੇ ਬਦਮਾਸ਼ ਦੋਹਾਂ ਵਿੱਚੋਂ ਕਿਸੇ ਨੂੰ ਨਹੀਂ ਛੱਡਿਆ। ਇੰਨੇ ਵਿੱਚ ਆਲੇ-ਦੁਆਲੇ ਦੇ ਲੋਕ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਉਸ ਲੁਟੇਰੇ ਨੂੰ ਫੜ ਲਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਕੁਸੁਮ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ। ਇਸ ਦੌਰਾਨ ਕੁਸੁਮ ਦੀ ਬਾਂਹ ਜ਼ਖਮੀ ਹੋ ਗਈ ਸੀ, ਜਿਸ ’ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।