MP Ravneet bittu meeting:ਲੁਧਿਆਣਾ (ਤਰਸੇਮ ਭਾਰਦਵਾਜ)- ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ, ਸਿਹਤ, ਪੁਲਿਸ ਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਦੇ ਚਰਮ ਸੀਮਾਂ ਦੌਰਾਨ ਮਨੁੱਖਤਾ ਦੀ ਸੇਵਾ ‘ਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸ ਮਹਾਮਾਰੀ ਦੌਰਾਨ ਤੁਹਾਡੇ ਦੁਆਰਾ ਕੀਤੇ ਅਣਥੱਕ ਕਾਰਜਾਂ ਲਈ ਆਪਣਾ ਸਿਰ ਝੁਕਾ ਕੇ ਨਮਨ ਕਰਦਾ ਹਾਂ’। ਦੱਸ ਦੇਈਏ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (ਜੋ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੇ ਚੇਅਰਮੈਨ ਵੀ ਹਨ) ਵੱਲੋਂ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਸਥਾਨਕ ਬੱਚਤ ਭਵਨ ‘ਚ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ‘ਚ ਵਿਧਾਇਕ ਪੂਰਬੀ ਸੰਜੇ ਤਲਵਾੜ, ਵਿਧਾਇਕ ਪਾਇਲ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਮੇਅਰ ਬਲਕਾਰ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਪਹੁੰਚੇ।
ਸੰਸਦ ਮੈਂਬਰ ਬਿੱਟੂ ਵੱਲੋਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਯੋਜਨਾਵਾਂ ਬਾਰੇ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਚਲਾਉਣ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗਾਂ ਖ਼ਾਸਕਰ ਸਿੱਖਿਆ, ਖੇਤੀਬਾੜੀ, ਸਮਾਜ ਭਲਾਈ, ਸਿਹਤ, ਨਗਰ ਨਿਗਮ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਅਤੇ ਹੋਰਨਾਂ ਨੂੰ ਰੋਜ਼ਾਨਾ ਆਪਣੇ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਸਖੀ ਵਨ ਸਟਾਪ ਸੈਂਟਰ ਪ੍ਰਤੀ ਵੱਧ ਤੋਂ ਵੱਧ ਸੰਵੇਦਨਸ਼ੀਲ ਬਣਾਉਣ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸਖਤ ਮਿਹਨਤ ਕਰਨ ਵਾਲੇ ਅਧਿਕਾਰੀਆਂ ਅਤੇ ਸਟਾਫ ਦੀ ਹੌਸਲਾ ਅਫਜ਼ਾਈ ਲਈ ਸੰਸਦ ਮੈਬਰ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸੰਸਦ ਮੈਂਬਰ ਬਿੱਟੂ ਨੂੰ ਇਹ ਵੀ ਦੱਸਿਆ ਕਿ ਜਿਵੇਂ ਕੋਵਿਡ-19 ਦੀ ਦੂਜੀ ਲਹਿਰ ਨੇ ਦੂਜੇ ਰਾਜਾਂ ‘ਚ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ, ਜੇਕਰ ਅਜਿਹੀ ਸਥਿਤੀ ਲੁਧਿਆਣਾ ‘ਚ ਪੈਦਾ ਹੁੰਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੱਬਾ ਭਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ, ਆਪਸੀ ਵਿੱਥ ਬਣਾਈ ਰੱਖਣਾ ਅਤੇ ਹੱਥਾਂ ਨੂੰ ਸਾਫ ਰੱਖਣਾ ਦੀ ਪਾਲਣਾ ਕਰਨ, ਕਿਉਂਕਿ ਦੂਜੀ ਲਹਿਰ ਨੂੰ ਰੋਕਣ ਦੀ ਇਹੀ ਵੈਕਸੀਨ ਅਤੇ ਤਰੀਕਾ ਹੈ।