ਕੇਂਦਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਸ਼ਾਮ 7 ਵਜੇ ਕਿਸਾਨ ਜੱਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਜੋ ਮੀਟਿੰਗ ਹੋਈ ਓਹ ਵੀ ਪਹਿਲ਼ੀਆਂ ਮੀਟਿੰਗਾਂ ਵਾਂਗ ਇਹ 11 ਮੈਂਬਰੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਇਸਦੇ ਨਾਲ ਹੀ 6ਵੇਂ ਦੌਰ ਦੀ ਮੀਟਿੰਗ ਜੋ ਕਿ ਕੱਲ੍ਹ 9 ਦਸੰਬਰ ਨੂੰ ਹੋਣ ਵਾਲੀ ਸੀ ਉਸਨੂੰ ਵੀ ਕੈਂਸਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਸ਼ਾਮ ਨੂੰ 7 ਵਜੇ ਅਮਿਤ ਸ਼ਾਹ ਦੇ ਘਰ ਹੋਣ ਵਾਲੀ ਮੀਟਿੰਗ ਦੀ ਆਖ਼ਰੀ ਸਮੇਂ ‘ਤੇ ਮੀਟਿੰਗ ਦੀ ਥਾਂ ਬਦਲੀ ਗਈ ਹੈ। ਜੋ ਕਿ ਉਸ ਤੋਂ ਬਾਅਦ ICAR ਦੇ ਗੈਸਟ ਹਾਊਸ ‘ਚ ਹੋਈ ਸੀ ।
ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨ ਨੇਤਾਵਾਂ ਨੇ ‘ਭਾਰਤ ਬੰਦ’ ਦੇ ਸਫਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤਾਂ ਉਹ ਆਪਣੀਆਂ ਮੰਗਾਂ ‘ਤੇ ਸਿਰਫ ਹਾਂ ਜਾਂ ਨਾਂਹ ਮੰਗਣਗੇ। ਕਿਸਾਨ ਆਗੂ ਆਰ.ਐੱਸ. ਮਾਨਸਾ ਨੇ ਸਿੰਘੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,’ ‘ਇਸ ਵਿਚ ਕੋਈ ਵਿੱਚ ਦਾ ਰਸਤਾ ਨਹੀਂ ਹੈ। ਅੱਜ ਦੀ ਬੈਠਕ ਵਿਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿਰਫ ‘ਹਾਂ’ ਜਾਂ ‘ਨਹੀਂ’ ਵਿਚ ਜਵਾਬ ਦੇਣ ਲਈ ਕਹਾਂਗੇ। ਕਿਸਾਨ ਪਿੱਛਲੇ 12 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ।