ludhiana dowry engagement ceremony: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਦੇ ਸਮਾਜ ‘ਚ ਦਾਜ ਦੇ ਲਾਲਚੀ ਲੋਕ ਹਾਲੇ ਵੀ ਮੌਜੂਦ ਹਨ,ਜੋ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ‘ਚ ਦੇਖਿਆ ਗਿਆ, ਜਿੱਥੇ ਲਾਲਚੀ ਸਹੁਰਿਆਂ ਨੇ ਮੰਗਣੀ ਦੇ ਸਮੇਂ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੇ ਹੋਸ਼ ਉੱਡ ਗਏ। ਦੱਸ ਦੇਈਏ ਕਿ ਇੱਥੇ ਜਦੋਂ ਮੰਗਣੀ ਦੀ ਰਸਮ ਚੱਲ ਰਹੀ ਸੀ ਤਾਂ ਇਸ ਦੌਰਾਨ ਜਦੋਂ ਮੁੰਡੇ ਵਾਲੇ ਸੋਨੇ ਦੀ ਮੁੰਦਰੀ ਦੀ ਮੰਗ ਨੂੰ ਲੈ ਕੇ ਕੁੜੀ ਵਾਲਿਆਂ ਨਾਲ ਝਗੜ ਪਏ ਅਤੇ ਉਨ੍ਹਾਂ ਨੇ ਕੁੜੀ ਦੇ ਪਿਤਾ, ਭਰਾ ਅਤੇ ਰਿਸ਼ਤੇਦਾਰਾਂ ਦੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾ ਕੇ ਥਾਣਾ ਫੋਕਲ ਪੁਆਇੰਟ ਤਹਿਤ ਚੌਂਕੀ ਈਸ਼ਵਰ ਨਗਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਡਾਬਾ ਦੇ ਗੁਰਮੇਲ ਨਗਰ ਦੇ ਰਹਿਣ ਵਾਲੇ ਗੁੱਡੂ ਗਿਰੀ ਨੇ ਦੱਸਿਆ ਕਿ ਉਸ ਦੀ ਧੀ ਦਾ ਰੋਕਾ, ਸਾਹਨੇਵਾਲ ਕੋਲ ਰਹਿਣ ਵਾਲੇ ਇਕ ਮੁੰਡੇ ਦੇ ਨਾਲ ਤੈਅ ਹੋਇਆ ਸੀ। ਬੁੱਧਵਾਰ ਰਾਤ ਮੰਗਣੀ ਸੀ। ਮੰਗਣੀ ਦੀ ਰਸਮ ਦੇ ਸਮੇਂ ਮੁੰਡੇਵਾਲੇ ਸੋਨੇ ਦੀ ਮੁੰਦਰੀ ਦੀ ਮੰਗ ਨੂੰ ਲੈ ਕੇ ਅੜ ਗਏ। ਮੁੰਡੇ ਨੇ ਮੰਗ ਕੀਤੀ ਕਿ ਉਹ ਸੋਨੇ ਦੀ ਮੁੰਦਰੀ ਲਵੇਗਾ, ਨਹੀਂ ਤਾਂ ਮੰਗਣੀ ਨਹੀਂ ਕਰੇਗਾ। ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਮੁੰਡੇ ਵਾਲਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਗੁੱਡੂ ਗਿਰੀ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਉਸ ਤੋਂ ਵਿਆਹ ਤੋਂ ਪਹਿਲਾਂ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਉਹ ਉਨ੍ਹਾਂ ਨੂੰ ਦੇ ਚੁੱਕਾ ਹੈ। ਉਧਰ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਇਹ ਵੀ ਦੇਖੋ–