Bajwa targets AG after : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਐਸਆਈਟੀ ਦੀ ਜਾਂਚ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਹੁਣ ਰਾਜ ਦੇ ਐਡਵੋਕੇਟ ਜਨਰਲ (ਏਜੀ) ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਏਜੀ ਨੂੰ ਇਸ ਕੇਸ ਵਿੱਚ ਪੂਰੀ ਤਰ੍ਹਾਂ ਅਸਫਲ ਅਧਿਕਾਰੀ ਦੱਸਿਆ ਹੈ। ਬਾਜਵਾ ਦਾ ਇਹ ਬਿਆਨ ਦੋ ਦਿਨ ਪਹਿਲਾਂ ਦਿੱਤੇ ਕੈਪਟਨ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਕੈਪਟਨ ਨੇ ਏਜੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਦਿੱਲੀ ਦੀ ਕਾਨੂੰਨੀ ਟੀਮ ਨੂੰ ਐਸਆਈਟੀ ਦੀ ਜਾਂਚ ਸੰਬੰਧੀ ਮਾਮਲੇ ਦੀ ਵਕਾਲਤ ਕਰ ਰਹੀ ਹੈ।
ਸਿੱਧੇ ਤੌਰ ‘ਤੇ ਏਜੀ ਨੂੰ ਹਟਾਉਣ ਦੀ ਮੰਗ ਨਾ ਕਰਦਿਆਂ ਬਾਜਵਾ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਏਜੀ ਦੀ ਅਸਫਲਤਾ ਕਾਰਨ ਜੋ ਨੁਕਸਾਨ ਹੋਇਆ ਹੈ, ਸਮੇਂ ਸਿਰ ਇਸ ਗਲਤੀ ਨੂੰ ਸੁਧਾਰ ਲਿਆ ਜਾਵੇ ਤਾਂ ਬਿਹਤਰ ਹੋਵੇਗਾ ਤਾਂ ਜੋ ਦੁਬਾਰਾ ਨੁਕਸਾਨ ਹੋਣ ‘ਤੇ ਵਾਰ-ਵਾਰ ਸਫਾਈ ਨਾ ਦੇਣੀ ਪਏ। ਬਾਜਵਾ ਨੇ ਕੋਟਕਪੂਰਾ ਮਾਮਲੇ ਵਿਚ ਕਿਹਾ ਕਿ ਹਾਈ ਕੋਰਟ ਦਾ ਤਾਜ਼ਾ ਫੈਸਲਾ ਪੰਜਾਬ ਦੇ ਏਜੀ ਅਤੇ ਉਸ ਦੇ ਦਫ਼ਤਰ ਦੀ ਵੱਡੀ ਅਸਫਲਤਾ ਸੀ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਐਸਆਈਟੀ ਦੁਆਰਾ ਪੇਸ਼ੇਵਰ ਅਤੇ ਬਹੁਤ ਕੁਸ਼ਲ ਜਾਂਚ ਦੇ ਬਾਵਜੂਦ ਏਜੀ ਅਤੇ ਉਸ ਦੇ ਵਕੀਲਾਂ ਦੀ ਟੀਮ ਰਾਜ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਅਸਮਰਥ ਸਾਬਤ ਹੋਈ। ਬਾਜਵਾ ਨੇ ਕਿਹਾ ਕਿ ਹੁਣ ਰਾਜ ਸਰਕਾਰ ਨੂੰ ਇੱਕ ਨਵੀਂ ਐਸ.ਆਈ.ਟੀ. ਸਥਾਪਤ ਕਰਨੀ ਚਾਹੀਦੀ ਹੈ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤ ਜੋਕਿ ਪਹਿਲਾਂ ਤੋਂ ਸਰਕਾਰ ਅਤੇ ਐਸਆਈਟੀ ਦੇ ਕੋਲ ਹਨ, ਨੂੰ ਲੈ ਕੇ ਨਵੀਂ ਐਸਆਈਟੀ ਆਪਣੀ ਜਾਂਚ ਇੱਕ ਮਹੀਨੇ ਵਿੱਚ ਪੂਰੀ ਕਰਦੇ ਦੋਸ਼ੀਆਂ ਖਿਲਾਫ ਛੇਤੀ ਤੋਂ ਛੇਤੀ ਚਲਾਨ ਪੇਸ਼ ਕਰ ਸਕਦੀ ਹੈ।
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੁਆਰਾ ਵਿਚਾਰੇ ਜਾ ਰਹੇ ਵਿਕਲਪਾਂ ਵਿਚੋਂ ਸੁਪਰੀਮ ਕੋਰਟ ਵਿੱਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣਾ ਵੀ ਇੱਕ ਹੈ ਪਰ ਇਹ ਸਾਫ ਹੈ ਕਿ ਜੇਕਰ ਹਾਈਕੋਰਟ ਦੇ ਹੁਕਮਾਂ ‘ਤੇ ਰੋਕ ਲੱਗ ਜਾਂਦੀ ਹੈ ਤਾਂ ਵੀ ਆਖਰੀ ਫੈਸਲਾ ਆਉਣ ਵਿਚ ਸਮਾਂ ਲੱਗੇਗਾ। ਇਸ ਤਰ੍ਹਾਂ, ਜਾਂਚ ਵਿਚ ਰੁਕਾਵਟ ਆਵੇਗੀ ਅਤੇ ਕੋਟਕਪੂਰਾ ਕੇਸ ਦੇ ਪੀੜਤਾਂ ਨੂੰ ਇਨਸਾਫ ਮਿਲਣ ਵਿਚ ਦੇਰੀ ਹੋਵੇਗੀ।