ਬਠਿੰਡਾ ਗੋਨਿਆਣਾ ਰੋਡ ‘ਤੇ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ ਤੋਂ ਬਾਅਦ ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋਏ ਜਲੰਧਰ ਤੋਂ ਛਪਦੇ ਰੋਜਾਨਾ ਪੰਜਾਬੀ ਅਖ਼ਬਾਰ ਅਜੀਤ ਦੇ ਜਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਮਿਲਣ ਉਪਰੰਤ ਬਠਿੰਡਾ ਪੁਲਿਸ ਨੇ ਇਸ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਕੰਵਲਜੀਤ ਸਿੰਘ ਦੇ ਸਿਰ ’ਚ ਡੂੰਘੀ ਸੱਟ ਵੱਜੀ ਹੋਈ ਸੀ। ਪੁਲਿਸ ਨੇ ਮ੍ਰਿਤਕ ਪੱਤਰਕਾਰ ਦੀ ਜੇਬ ‘ਚੋ ਮਿਲੇ ਖੁਦਕਸ਼ੀ ਨੋਟ ਦੇ ਅਧਾਰ ਤੇ ਚਿੱਟੇ ਦੇ ਮਾਮਲੇ ’ਚ ਬਰਖਾਸਤ ਏ ਐਸ ਆਈ ਰਾਜਵਿੰਦਰ ਸਿੰਘ ਸਮੇਤ ਉਸ ਦੇ ਪ੍ਰੀਵਾਰ ਦੇ ਤਿੰਨ ਜੀਆਂ ਖਿਲਾਫ ਖੁਦਕਸ਼ੀ ਲਈ ਮਜ਼ਬੂਟ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਨੂੰ ਬਠਿੰਡਾ ਸਬ ਆਫਿਸ ਤੋਂ ਕਰੀਬ ਢਾਈ ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਗੋਨਿਆਣਾ ਵੱਲ ਗਏ ਸਨ ਜਿੱਥੇ ਕੌਮੀ ਖਾਦ ਕਾਰਖਾਨੇ ਲਾਗੇ ਪੈਟਰੋਲ ਪੰਪ ਦੇ ਨਜ਼ਦੀਕ ਕਿਸੇ ਅਣਪਛਾਤੀ ਗੱਡੀ ਨੇ ਫੇਟ ਮਾਰ ਦਿੱਤੀ ਸੀ। ਥਾਣਾ ਥਰਮਲ ਪੁਲਿਸ ਨੇ ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਧਾਰਾ 365 ਤਹਿਤ ਮੁਕੱਦਮਾ ਦਰਜ ਕੀਤਾ ਸੀ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਜੇਬ ਚੋਂ ਮਿਲੇ ਖੁਦਕਸ਼ੀ ਨੋਟ ਦੇ ਅਧਾਰ ਤੇ ਸਾਬਕਾ ਏ ਐਸ ਆਈ ਰਾਜਵਿੰਦਰ ਸਿੰਘ,ਉਸ ਦੀ ਪਤਨੀ ਕੁਲਦੀਪ ਕੌਰ,ਦੋ ਲੜਕਿਆਂ ਹਰਪ੍ਰੀਤ ਸਿੰਘ ਅਤੇ ਮਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।