ਵਿਜੀਲੈਂਸ ਬਠਿੰਡਾ ਦੀ ਟੀਮ ਵੱਲੋਂ ਗੁਰੂਹਰਸਹਾਏ ਥਾਣੇ ਦੇ ਇੱਕ ਸਹਾਇਕ ਥਾਣੇਦਾਰ ਨੂੰ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਪਰ ਦੂਜੇ ਪਾਸੇ ਅਰੋਪਿਤ ਥਾਣੇਦਾਰ ਨੇ ਇਸ ਮਾਮਲੇ ਨੂੰ ਇਕ ਸਾਜ਼ਿਸ਼ ਕਰਾਰ ਦਿੱਤਾ ਹੈ। ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਡੀਐੱਸਪੀ ਵਿਜੀਲੈਂਸ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂਹਰਸਹਾਏ ਵਾਸੀ ਮਨਜੀਤ ਸਿੰਘ ਜੋ ਕਿ ਪਟਿਆਲਾ ਵਿਖੇ ਰੂਟ ਇੰਚਾਰਜ ਦੀ ਨੌਕਰੀ ਕਰਦਾ ਹੈ। ਉਸਦੀ ਪਤਨੀ ਭਾਰਤੀ ਨੇ ਸੁਰਜੀਤ ਸਿੰਘ ਖ਼ਿਲਾਫ਼ ਇਕ ਦਰਖਾਸਤ ਥਾਣਾ ਗੁਰੂਹਰਸਹਾਏ ਨੂੰ ਦਿੱਤੀ ਸੀ ਜੋ ਕਿ ਥਾਣਾ ਮੁਖੀ ਨੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੂੰ ਮਾਰਕ ਕਰ ਦਿੱਤੀ ਸੀ।
ਕਈ ਦਿਨ ਤੱਕ ਕਾਰਵਾਈ ਨਾ ਹੋਣ ਤੇ ਜਦ ਦਰਸ਼ਨ ਲਾਲ ਨੂੰ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਾਰਵਾਈ ਦੇ ਬਦਲੇ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ‘ਤੇ ਭਾਰਤੀ ਉਸ ਨੂੰ ਮਜਬੂਰੀਵਸ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕਾਰਵਾਈ ਫਿਰ ਵੀ ਨਾ ਹੋਈ ਤਾਂ ਬਾਕੀ ਵੀਹ ਹਜ਼ਾਰ ਰੁਪਏ ਦੋ ਕਿਸ਼ਤਾਂ ਵਿੱਚ ਦੇਣ ਦੀ ਗੱਲ ਤੈਅ ਹੋਈ। ਡੀਐਸਪੀ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਇਸ ਦੀ ਇਤਲਾਹ ਵਿਜੀਲੈਂਸ ਨੂੰ ਦਿੱਤੀ ਤਾਂ ਅੱਜ ਵਿਜੀਲੈਂਸ ਵਿਭਾਗ ਨੇ ਪਹਿਲੀ ਕਿਸ਼ਤ ਦੱਸ ਹਜ਼ਾਰ ਰੁਪਏ ਦਿੰਦਿਆਂ ਰੰਗੇ ਹੱਥੀਂ ਏ ਐੱਸ ਆਈ ਦਰਸ਼ਨ ਲਾਲ ਨੂੰ ਕਾਬੂ ਕਰ ਲਿਆ। ਪਰ ਦੂਜੇ ਪਾਸੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ ਕੀ ਉਸ ਦੀ ਟੇਬਲ ਤੇ ਧੱਕੇ ਨਾਲ ਪੈਸੇ ਰੱਖੇ ਗਏ ਹਨ ਅਤੇ ਉਸ ਨੂੰ ਫਸਾਇਆ ਜਾ ਰਿਹਾ ਹੈ।