Pakistani pigeon found : ਅਜਨਾਲਾ : ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਸਿੰਘੋਕੇ ਵਿਖੇ ਜਵਾਨਾਂ ਵਲੋਂ ਸਵੇਰੇ ਗਸ਼ਤ ਦੌਰਾਨ ਤਾਰਾਂ ਨਜ਼ਦੀਕ ਇਕ ਪਾਕਿਸਤਾਨ ਵਾਲੇ ਪਾਸਿਓਂ ਆਏ ਸ਼ੱਕੀ ਕਬੂਤਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਬੂ ਕੀਤਾ ਗਿਆ ਜਿਸ ਦੀ ਥੋੜ੍ਹੇ ਸਮੇਂ ਬਾਅਦ ਹੀ ਮੌਤ ਹੋ ਗਈ ਅਤੇ ਜਿਸਦੇ ਸੱਜੇ ਪੈਰ ‘ਚ ਇਕ ਰਿੰਗ ਪਈ ਸੀ ਜਿਸ ‘ਤੇ ਕੋਈ ਗੁਪਤ ਨੰਬਰ ਲਿਖਿਆ ਹੋਇਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸਵੇਰੇ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਕ ਸਫੈਦ ਤੇ ਕਾਲੇ ਰੰਗ ਦਾ ਕਬੂਤਰ ਮਿਲਿਆ ਸੀ ਜਿਸ ਦੀ ਸੱਜੀ ਲਤ ‘ਚ ਇੱਕ ਰਿੰਗ ਪਈ ਹੋਈ ਸੀ ਤੇ ਜਿਸ ‘ਤੇ ਇਕ ਨੰਬਰ 03454535563 ਲਿਖਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਕਬੂਤਰ ਦੇ ਬੀਮਾਰ ਹੋਣ ਕਾਰਣ ਮੌਤ ਹੋ ਗਈ ਜਿਸ ਨੂੰ ਬੀਐਸਐਫ ਦੇ ਜਵਾਨਾਂ ਵਲੋਂ ਹੀ ਦਫਨਾ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਬੀਐਸਐਫ ਦੀ ਜਾਣਕਾਰੀ ਮੁਤਾਬਿਕ ਕਬੂਤਰ ਦੀ ਲੱਤ ਤੋਂ ਮਿਲੀ ਰਿੰਗ ‘ਤੇ ਲਿਖੇ ਨੰਬਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ।