ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ। ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਹੁਣ ਦੇ ਸਮੇਂ ਅਨੇਕਾਂ ਨੌਜਵਾਨ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਾਜ਼ਾ ਮਾਮਲਾ ਲਵਪ੍ਰੀਤ ਦਾ ਹੀ ਦੇਖਿਆ ਜਾ ਸਕਦਾ ਹੈ। ਇਸ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੂੰ ਇੱਕ ਪੱਤਰ ਲਿਖਿਆ ਹੈ ਜਿਸ ‘ਚ ਦਿਨੋ-ਦਿਨ ਵੱਧਦੇ ਜਾ ਰਹੇ ਧੋਖੇਧੜੀ ਦੇ ਮਾਮਲਿਆਂ ਬਾਰੇ ਗੱਲ੍ਹਾਂ ਸਾਹਮਣੇ ਰੱਖੀਆਂ ਗਈਆਂ।
ਪੱਤਰ ‘ਚ ਮਨੀਸ਼ਾ ਗੁਲਾਟੀ ਨੇ ਲਿਖਿਆ ਕਿ ਮੈਂ, ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਦਾ ਕੋਵਿਡ ਨਾਲ ਨਜਿੱਠਣ ਲਈ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਿਲੋਂ ਪ੍ਰਸੰਸਾ ਕਰਦੀ ਹਾਂ। ਉਨ੍ਹਾਂ ਇਹ ਵੀ ਲਿਖਿਆ ਕਿ ਇਹ ਇੱਕ ਭਿਆਨਕ ਮਹਾਂਮਾਰੀ ਹੈ ਜਿਸ ਨਾਲ ਤੁਸੀਂ ਬਾਖ਼ੂਬੀ ਤਰੀਕੇ ਨਾਲ ਨਜਿੱਠ ਰਹੇ ਹੋ। ਸੱਚਮੁੱਚ, ਤੁਸੀਂ ਭਾਰਤ ਨਾਲ ਸੁਲਹਦੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦ੍ਰਿਸ਼ਟੀ ਅਤੇ ਸਮਝ ਰੱਖਦੇ ਹੋ। ਉਨ੍ਹਾਂ ਕਿਹਾ ਤੁਸੀਂ ਭਾਰਤੀ ਭਾਈਚਾਰੇ ਦੀ ਨਬਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਖ਼ਾਸਕਰ ਪੰਜਾਬੀਆਂ ਨੂੰ ਜੋ ਤੁਹਾਡੇ ਮਹਾਨ ਦੇਸ਼ ਲਈ ਸਰਵਪੱਖੀ ਵਿਕਾਸ ਲਈ ਨਿਰੰਤਰ ਸੇਵਾ ਕਰ ਰਹੇ ਹਨ।
ਉਹਨਾਂ ਅੱਗੇ ਲਿਖਿਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਮ ‘ਤੇ ਨਿਰਦੋਸ਼ ਪੰਜਾਬੀ ਨੌਜਵਾਨਾਂ ਦੇ ਸ਼ੋਸ਼ਣ ਦੇ ਅਣਗਿਣਤ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ‘ਚ ਪਰੇਸ਼ਾਨੀ ਅਤੇ ਨਿਰਾਸ਼ਾ ਪੈਦਾ ਹੋ ਰਹੀ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਅਤੇ ਪੰਜਾਬੀ ਡਾਇਸਪੋਰਾ ਦੀ ਨੁਮਾਇੰਦਗੀ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਲਈ ਕੁਝ ਤੇਜ਼ ਅਤੇ ਸਖਤ ਕਦਮ ਚੁੱਕੇ ਜਾਣ। ਇੱਥੋਂ ਤੱਕ ਕਿ ਇਹ ਖ਼ਬਰਾਂ ਹਨ ਕਿ ਕੁੱਝ ਫਰੌਡ ਲੋਕਾਂ ਨੇ ਵਿਆਹ ਦੇ ਪਾਕ ਰਿਸ਼ਤੇ ਦੀ ਆੜ ਵਿੱਚ ਨਿਰਦੋਸ਼ ਪੰਜਾਬੀਆਂ ਨੂੰ ਧੋਖਾ ਦੇ ਕੇ ਜਲਦੀ ਪੈਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧੋਖੇਬਾਜ਼ ਲੋਕ ਮਨੁੱਖਤਾ ‘ਤੇ ਧੱਬਾ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਅੱਗੇ ਆਖਿਆ ਕਿ ਮੈਂ ਤੁਹਾਡੇ ਧੰਨਵਾਦੀ ਹੋਵਾਂਗੀ ਜੇਕਰ ਇੱਕ ਮਜਬੂਤ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਵਿੱਚ ਕੈਨੇਡੀਅਨ ਅਧਿਕਾਰੀ ਅਤੇ PSWC ਤਾਲਮੇਲ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਉਪਰਾਲੇ ਕਰੇ।