ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਵਿਡ-19 ਦੀ ਦੂਜੀ ਲਹਿਰ ਨੂੰ ਸਫ਼ਲਤਾਪੂਰਵਕ ਨਜਿੱਠਣ ਮਗਰੋਂ ਪਾਬੰਦੀਆਂ ਨੂੰ ਘੱਟ ਕਰਦਿਆਂ ਕੋਵਿਡ ਦੀਆਂ ਦੋਵੇਂ ਖ਼ੁਰਾਕਾਂ ਲੁਆ ਚੁੱਕੇ ਮੁਲਾਕਾਤੀਆਂ ਨੂੰ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਚੰਡੀਗੜ੍ਹ ਵਿੱਚ ਆਉਣ ਵਾਲੇ ਉਨ੍ਹਾਂ ਮੁਲਾਕਾਤੀਆਂ ਨੂੰ ਹੀ ਐਂਟਰੀ ਪਾਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਕੋਵਿਡ-19 ਦੀਆਂ ਦੋਵੇਂ ਖ਼ੁਰਾਕਾਂ ਲੁਆ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਮਾਰਤਾਂ ਵਿੱਚ ਦਾਖ਼ਲੇ ਸਮੇਂ ਸਵਾਗਤੀ ਕਾਊਂਟਰਾਂ ਉਤੇ ਕੋਵਿਡ ਦੀ ਦਵਾਈ ਲੱਗਣ ਦਾ ਸਬੂਤ ਪੇਸ਼ ਕਰਨਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ : ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣ ਲਈ CM ਕੈਪਟਨ ਨੂੰ ਮਨਾਉਣ ‘ਚ ਲੱਗੇ ਕੁਲਜੀਤ ਨਾਗਰਾ : ਸੂਤਰ
ਦੱਸਣਯੋਗ ਹੈ ਕਿ ਬੀਤੇ ਦਿਨ 24 ਘੰਟਿਆਂ ਦੌਰਾਨ ਕੋਵਿਡ-19 ਦੇ 68 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਫਰੀਦਕੋਟ, ਜਲੰਧਰ ਤੇ ਪਟਿਆਲੇ ਤੋਂ 1-1 ਮਰੀਜ਼ ਨੇ ਦਮ ਤੋੜਿਆ। ਇਸ ਦੇ ਨਾਲ ਹੀ ਰਾਹਤ ਭਰੀ ਖਬਰ ਇਹ ਵੀ ਹੈ ਕਿ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ 94 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ।