ਬਠਿੰਡਾ/ਸ੍ਰੀ ਮੁਕਤਸਰ ਸਾਹਿਬ : ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜ੍ਹੀ ਨੇ ਅੱਜ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਸੂਬੇ ਨੂੰ ਪਛੜਿਆ ਬਣਾਉਣ ’ਤੇ ਰੋਹ ਪ੍ਰਗਟ ਕਰਦਿਆਂ ਉਘੇ ਆਗੂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਨੁੰ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਲੋਕ ਪੱਖੀ ਏਜੰਡਾ ਤਿਆਰ ਕਰਨ ਵਿਚ ਮਾਰਗ ਦਰਸ਼ਨ ਕਰਨ। ਬਸਪਾ ਆਗੂ ਜਿਨ੍ਹਾਂ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਡਾ. ਨਛੱਤਰ ਪਾਲ ਵੀ ਸਨ, ਨੇ ਸਾਬਕਾ ਮੁੱਖ ਮੰਤਰੀ ਨਾਲ ਉਹਨਾਂ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹਰਪ੍ਰੀਤ ਸਿੰਘ ਸਮੇਤ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਆਸ਼ੀਰਵਾਦ ਲੈਣ ਤੇ ਉਨ੍ਹਾਂ ਦੇ ਜਨਤਕ ਜੀਵਨ ਵਿਚ ਵੱਡੇ ਤਜ਼ਰਬਿਆਂ ਤੋਂ ਸਿੱਖਿਆ ਲੈਣ ਆਏ ਸਨ।
ਇਹ ਵੀ ਪੜ੍ਹੋ : ਜਲੰਧਰ ‘ਚ ਕਾਨੂੰਨ ਵਿਵਸਥਾ ਦੀ ਤਸਵੀਰ- ਪੰਜ ਲੋਕ ਬੇਰਹਿਮੀ ਨਾਲ ਕੁੱਟਦੇ ਰਹੇ ਨੌਜਵਾਨ, ASI ਵੇਖਦਾ ਰਿਹਾ ਤਮਾਸ਼ਾ
ਉਨ੍ਹਾਂ ਨੇ ਸਰਦਾਰ ਬਾਦਲ ਨੁੰ ਦੇਸ਼ ਦਾ ਸਭ ਤੋਂ ਕੱਦਾਵਰ ਨੇਤਾ ਕਰਾਰ ਦਿੱਤਾ ਤੇ ਕਿਹਾ ਕਿ ਅਸੀਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵੱਲੋਂ ਪ੍ਰਮੁੱਖ ਮੁੱਦਿਆਂ ਦੇ ਹੱਲ ਲਈ ਸਰਦਾਰ ਬਾਦਲ ਤੋਂ ਫੀਡਬੈਕ ਲੈਣ ਆਏ ਹਾਂ। ਸਰਦਾਰ ਗੜ੍ਹੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਰਾਜਕਾਲ ਵੇਲੇ ਸਿਹਤ ਤੇ ਸਿੱਖਿਆ ਖੇਤਰ ਦੇ ਨਿਰੰਤਰ ਵਿਗਾੜ ਦੀ ਚਰਚਾ ਕੀਤੀ ਤੇ ਕਿਹਾ ਕਿ ਅਗਲੀ ਗਠਜੋੜ ਸਰਕਾਰ ਵੇਲੇ ਇਹਨਾਂ ਦੋਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਇਸ ਗੱਲ ’ਤੇ ਸਹਿਮਤ ਸਨ ਕਿ ਸੂਬੇ ਨੂੰ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਮੌਕੇ ਸਿਰਜਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਅਗਲੀ ਗਠਜੋੜ ਸਰਕਾਰ ਵਿਚ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਨੌਕਰੀਆਂ ਸਿਰਜਣ ’ ਤੇ ਧਿਆਨ ਦੇਣਾ ਚਾਹੀਦਾ ਹੈ।