ਚੰਡੀਗੜ੍ਹ : ਹਿੰਦੂ ਸਿੱਖ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਮੇਤ ਭਾਜਪਾ ਦੇ ਸੀਨੀਅਰ ਆਗੂ ਪਾਰਟੀ ਛੱਡ ਕੇ ਅੱਜ ਕਿਸਾਨਾਂ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂਆਂ ਨੇ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਸਮਾਗਮ ਦੌਰਾਨ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ।
ਇਸ ਸਮਾਗਮ ਵਿਚ ਪੰਜਾਬ ਭਰ ਤੋਂ ਭਾਜਪਾ ਦੇ ਸਮਰਥਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਜੋ ਇਨ੍ਹਾਂ ਆਗੂਆਂ ਦੇ ਨਾਲ ਹੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪੰਜਾਬ ਵਿਚ ‘ਬੋਲੇ ਸੋ ਨਿਹਾਲ, ਸਤਿ ਅਕਾਲ’ ਅਤੇ ‘ਹਰ ਹਰ ਮਹਾਦੇਵ’ ਤੇ ‘ਜੈਕਾਰਾ ਸ਼ੇਰਾਂਵਾਲੀ ਦਾ’ ਦੇ ਨਾਅਰੇ ਗੂੰਜਦੇ ਰਹੇ।
ਭਾਜਪਾ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨੂੰ ਇਤਿਹਾਸਕ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਤੇ ਹੋਰ ਸੀਨੀਅਰ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਹਨ, ਜੋ ਸ਼ਹਿਰੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਆਪਣੀ ਸੋਚ ’ਤੇ ਡੱਟ ਕੇ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਜਾਨ ਤਾਂ ਗੁਆ ਸਕਦਾ ਹਾਂ ਪਰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਨਹੀਂ ਹੋਣ ਦੇ ਸਕਦਾ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਇਕ ਮਤਾ ਪਾਸ ਕਰ ਕੇ ਅੱਜ ਦੇ ਇਤਿਹਾਸਕ ਦਿਨ ਨੂੰ ਕਿਸਾਨੀ ਸੰਘਰਸ਼ ਅਤੇ ਫਿਰਕੂ ਸਦਭਾਵਨਾ ਲਈ ਲਾਸਾਨੀ ਸ਼ਹਾਦਤ ਦੇਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਮਰਪਿਤ ਕੀਤਾ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਨਿਲ ਜੋਸ਼ੀ ਇਕ ਦਲੇਰ ਆਗੂ ਹਨ ਜਿਨ੍ਹਾਂ ਨੇ ਆਪਣੇ ਹਲਕੇ ਦੇ ਨਾਲ-ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੋਸ਼ੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੁਜਾਨਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਗੁਪਤਾ ਪਾਰਟੀ ਦੇ ਮੀਤ ਪ੍ਰਧਾਨ ਹੋਣਗੇ ਤੇ ਉਨ੍ਹਾਂ ਨੁੰ ਸੁਜਾਨਪੁਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਜਾਵੇਗਾ। ਇਸ ਮੌਕੇ ਹੋਰ ਸੀਨੀਅਰ ਆਗੂ ਜੋ ਪਾਰਟੀ ਵਿਚ ਸ਼ਾਮਲ ਹੋਏ, ਉਨ੍ਹਾਂ ਨੁੰ ਪਾਰਟੀ ਨੇ ਅਹਿਮ ਅਹੁਦੇ ਦਿੱਤੇ।
ਇਹਨਾਂ ਵਿਚ ਸੁਖਜੀਤ ਕੌਰ ਸ਼ਾਹੀ ਸਾਬਕਾ ਵਿਧਾਇਕ ਦਸੂਹਾ ਨੁੰ ਅਕਾਲੀ ਦਲ ਦਾ ਮੀਤ ਪ੍ਰਧਾਨ, ਮੋਹਿਤ ਗੁਪਤਾ ਸਾਬਕਾ ਸੂਬਾ ਪ੍ਰਧਾਨ ਭਾਜਪਾ ਯੂਥ ਵਿੰਗ ਤੇ ਯੁਵਾ ਮੋਰਚਾ ਅਕਾਲੀ ਦਲ ਦੇ ਜਨਰਲ ਸਕੰਤਰ ਤੇ ਪੀਏਸੀ ਮੈਂਬਰ ਅਤੇ ਬੁਲਾਰੇ, ਕਮਲ ਚਤਲੀ ਮੈਂਬਰ ਭਾਜਪਾ ਸਟੇਟ ਵਰਕਿੰਗ ਕਮੇਟੀ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ, ਆਰ ਡੀ ਸ਼ਰਮਾ ਸਾਬਕਾ ਡਿਪਟੀ ਮੇਅਰ ਲੁਧਿਆਣਾ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ, ਸੁਰਿੰਦਰ ਛਿੰਦੀ ਪ੍ਰਧਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਨੂੰ ਅਕਾਲੀ ਦਲ ਦਾ ਜਥੇਬੰਦਕ ਸਕੰਤਰ, ਹਰਜੀਤ ਭੁੱਲਰ ਟੀ ਵੀ ਪੈਨਲਿਸਟ ਭਾਜਪਾ ਨੁੰ ਅਕਾਲੀ ਦਲ ਦਾ ਜਥੇਬੰਦਕ ਸਕੱਤਰ, ਮਿੰਟੂ ਸ਼ਰਮਾ ਸਾਕਬਾ ਕੌਂਸਲਰ ਲੁਧਿਆਣਾ ਨੁੰ ਅਕਾਲੀ ਦਲ ਦਾ ਸੰਯੁਕਤ ਸਕੱਤਰ, ਅਮਨ ਐਰੀ ਭਾਜਪਾ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਨੂੰ ਸੰਯੁਕਤ ਸਕੱਤਰ ਤੇ ਬੁਲਾਰਾ, ਸੁਮਿਤ ਸ਼ਾਸਤਰੀ ਮੈਂਬਰ ਸਟੇਟ ਭਾਜਪਾ ਵਰਕਿੰਗ ਕਮੇਟੀ ਨੁੰ ਅਕਾਲੀ ਦਲ ਦਾ ਸੰਯੁਕਤ ਸਕੱਤਰ, ਵਕਰਮ ਲੱਕੀ ਜ਼ਿਲ੍ਹਾ ਖ਼ਜ਼ਾਨਚੀ ਭਾਜਪਾ ਬਠਿੰਡਾ ਨੂੰ ਅਕਾਲੀ ਦਲ ਦਾ ਸੰਯੁਕਤ ਸਕੱਤਰ ਤੇ ਵਿਕਰਮ ਐਰੀ ਸਾਬਕਾ ਸਟੇਅ ਸਕੱਤਰ ਬੀ ਜੇ ਵਾਈ ਐਮ ਪੰਜਾਰਬ ਨੁੰ ਹੁਣ ਸੀਨੀਅਰ ਮੀਤ ਪ੍ਰਧਾਨ ਯੁਥ ਅਕਾਲੀ ਦਲ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਤੇ ਇਸਦਾ ਮਕਸਦ ਅੱਤਵਾਦ ਦੇ ਦੌਰ ਤੋਂ ਬਾਅਦ ਸਮਾਜਿਕ ਵੰਡੀਆਂ ਖਤਮ ਕਰਨਾ ਸੀ। ਉਨ੍ਹਾਂ ਕਿਹਾ ਕਿ ਗਠਜੋੜ ਨੇ ਸ਼ਾਂਤੀ ਦਾ ਸਪੱਸ਼ਟ ਸੁਨੇਹਾ ਦਿੱਤਾ ਤੇ ਇਸ ਸਦਕਾ ਪੰਜਾਬ ਵਿਚ ਸ਼ਾਂਤੀ ਤੇ ਖੁਸ਼ਹਾਲੀ ਆਈ। ਜੋਸ਼ੀ ਨੇ ਕਿਹਾ ਕਿ ਜਿਸ ਪਾਰਟੀ ਲਈ ਉਨ੍ਹਾਂ ਸ਼ੁਰੂ ਤੋਂ ਕੰਮ ਕੀਤਾ, ਉਹ ਇਸ ਕਰ ਕੇ ਛੱਡਣੀ ਪਈ ਕਿਉਂਕਿ ਉਸ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅੱਖਾਂ ਮੀਟ ਲਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੂਬਾਈ ਆਗੂਆਂ ਨੇ ਵੀ ਕੇਂਦਰੀ ਲੀਡਰਸ਼ਿਪ ਨੁੰ ਗੁੰਮਰਾਹ ਕੀਤਾ। ਉਨ੍ਹਾੰ ਕਿਹਾ ਕਿ ਉਨ੍ਹਾਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜੋ ਖੇਤਰੀ ਆਸਾਂ ਲਈ ਡੱਟਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬੀਆਂ ਦੀ ਪੀੜ ਨਹੀਂ ਸਮਝਦੀ ਤੇ ਆਮ ਆਦਮੀ ਪਾਰਟੀ ਨੁੰ ਸਿਰਫ ਹਾਂ ਬੋਲਣ ਵਾਲੇ ਵਿਧਾਇਕ ਚਾਹੀਦੇ ਹਨ, ਜਿਨ੍ਹਾਂ ਨੂੰ ਉਹ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾ ਸਕੇ।
ਇਸ ਮੌਕੇ ਭਾਜਪਾ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਸ਼ਾਹੀ ਨੇ ਕਿਹਾ ਕਿ ਉਹਨਾਂ ਦੀ ਅੰਤਰ ਆਤਮਾ ਨੇ ਉਹਨਾਂ ਨੁੰ ਕਿਸਾਨਾਂ ਖਿਲਾਫ ਜਾਣ ਦੀ ਆਗਿਆ ਨਹੀਂ ਦਿੱਤ। ਬਠਿੰਡਾ ਤੋਂ ਮੋਹਿਤ ਗੁਪਤਾ ਨੇ ਕਿਹਾ ਕਿ ਉਹ ਅਕਾਲੀ ਦਲ ਖਾਸ ਤੌਰ ’ਤੇ ਬਠਿੰਡਾ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਹਿਰ ਦੇ ਕੀਤੇ ਗਏ ਵਿਕਾਸ ਤੋਂ ਪ੍ਰਭਾਵਤ ਹਨ। ਕਮਲ ਚੇਟਲੀ ਨੇ ਕਿਹਾ ਕਿ ਭਾਜਪਾ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਆਪਣੇ ਫੈਸਲੇ ਦੀ ਸਮੀਖਿਆ ਨਾ ਕਰ ਕੇ ਗਲਤੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਕਮਿਸ਼ਨਰ ਤੇ SSP ਸਣੇ 41 ਅਫਸਰਾਂ ਦੇ ਤਬਾਦਲੇ, ਦੇਖੋ ਲਿਸਟ
ਇਸ ਤੋਂ ਪਹਿਲਾਂ ਇਹਨਾਂ ਸਾਰੇ ਭਾਜਪਾ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਇਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਡੱਟਣ ਤੇ ਕਿਸਾਨਾਂ ਦੀ ਪ੍ਰਤੀਨਿਧਤ ਜਮਾਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਨਿਲ ਜੋਸ਼ੀ ਨੂੰ ਇਕ ਨਤੀਜੇ ਦੇਣ ਵਾਲਾ ਆਗੂ ਕਰਾਰ ਦਿੱਤਾ ਜਿਸਨੇ ਆਪਣੇ ਹਲਕੇ ਅਤੇ ਮਾਝੇ ਦੇ ਲੋਕਾਂ ਦੀ ਜੀਅ ਜਾਨ ਨਾਲ ਸੇਵਾ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਸਰੂਪ ਚੰਦ ਸਿੰਗਲਾ, ਪ੍ਰਕਾਸ਼ ਚੰਦ ਗਰਗ ਤੇ ਸਰਬਜੀਤ ਸਿੰਘ ਮੱਕੜ ਵੀ ਹਾਜ਼ਰ ਸਨ।