ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਹੋਛੀ ਰਾਜਨੀਤੀ ਨੂੰ ਚਮਕਾ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੀ ਲਹਿਰਾਗਾਗਾ ਸਥਿਤ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਾ ਤਾਂ ਆਮ ਆਦਮੀ ਪਾਰਟੀ ਕੋਲ ਪੰਜਾਬ ਦਾ ਕੋਈ ਮੁੱਖਮੰਤਰੀ ਤੇ ਨਾ ਹੀ ਕੋਈ ਚਿਹਰਾ ਹੈ । ਬੀਬੀ ਭੱਠਲ ਨੇ ਇਹ ਵੀ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਨਿਕਲੇ ਅਰਵਿੰਦ ਕੇਜਰੀਵਾਲ ਨੇ ਨਵੀਂ ਦਿਸ਼ਾ ਦੇ ਕੇ ਆਪਣੇ ਰਾਜਨੀਤੀ ਚਮਕਾਉਂਦੇ ਹੋਏ ਦਿੱਲੀ ਦੇ ਵਿੱਚ ਚੋਣਾਂ ਲੜ ਕੇ ਸਰਕਾਰ ਬਣਾਈ ਪਰ ਜਿਹੜੇ ਦਾਅਵੇ ਉਹ ਪੰਜਾਬ ਵਿੱਚ ਦੇਣ ਦੀ ਗੱਲ ਕਰ ਰਹੇ ਹਨ ਚਾਹੇ ਮੁਹੱਲਾ ਡਿਸਪੈਂਸਰੀਆਂ ਜਾਂ ਬਿਜਲੀ ਦੀਆਂ 300 ਯੂਨਿਟਾਂ ਮੁਆਫੀ ਦੀ ਗੱਲ ਹੋਵੇ , ਜਦੋਂ ਕਿ ਦਿੱਲੀ ਦੇ ਵਿੱਚ ਹਕੀਕਤ ਕੁਝ ਹੋਰ ਹੈ ਉਹ ਡਰਾਮੇ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਣਗੇ।
ਬੀਬੀ ਭੱਠਲ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਵਿਚ ਕਿਸੇ ਵੀ ਕਿਸਮ ਦੀ ਕੋਈ ਧੜੇਬੰਦੀ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿਚ ਚੋਣਾਂ ਜਿੱਤ ਕੇ ਮੁੜ ਸਰਕਾਰ ਬਣਾਵਾਂਗੇ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਦੀ ਮੈਨੂੰ ਬੇਹੱਦ ਖੁਸ਼ੀ ਹੈ ਕਿਉਂਕਿ ਜੋ ਕੰਮ ਕਾਂਗਰਸ ਪਾਰਟੀ ਪਹਿਲਾਂ ਕਰਨਾ ਚਾਹੁੰਦੀ ਸੀ ਉਹ ਉਸ ਨੇ ਪੂਰਾ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਹ ਬਾਕੀ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਕਿਉਂਕਿ ਉਹ ਅਜੇ ਇਸ ਗੱਲ ‘ਤੇ ਸੋਚ ਵਿਚਾਰ ਹੀ ਕਰ ਰਹੇ ਸਨ। ਪੰਜਾਬ ਦੀ ਕਿਸਾਨੀ ਦੇ ਸਵਾਲ ਦੇ ਪੁੱਛੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕਿਸਾਨੀ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ ਹੁਣ ਤਕ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਵਿੱਚ ਵੀ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੋਹਰੀ ਰੋਲ ਅਦਾ ਕੀਤਾ ਹੈ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਨਾਲ ਮਜਦੂਰ ਭਾਈਚਾਰੇ ਦੇ ਕਰਜ਼ੇ ਵੀ ਮੁਆਫ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ ਬੀਬੀ ਭੱਠਲ ਨੇ ਇਹ ਵੀ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਕਾਨੂੰਨਾਂ ਦੀ ਭਰਵੀਂ ਪ੍ਰਸੰਸਾ ਕਰਕੇ ਇਹ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਭੁੱਕ ਰਹੀ ਹੈ ਉਹ ਸਰਾਸਰ ਗਲਤ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੇ ਪ੍ਰਧਾਨਮੰਤਰੀ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਆਪੋ ਆਪਣੇ ਘਰੇ ਭੇਜਣਾ ਚਾਹੀਦਾ ਸੀ ਪਰੰਤੂ ਕੇਂਦਰ ਸਰਕਾਰ ਅਜਿਹਾ ਕਰਨ ਦੀ ਬਜਾਏ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾ ਰਹੀ ਹੈ।