ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਉਚ ਪੱਧਰੀ ਵਫਦ ਵੱਲੋਂ ਯੂ. ਪੀ . ਦੇ ਤਰਾਈ ਇਲਾਕੇ ਦੇ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇਜਿੰਦਰ ਸਿੰਘ ਵਿਰਕ ਦਾ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਜਾ ਕੇ ਹਾਲ ਚਾਲ ਪੁੱਛਿਆ ਗਿਆ ਤੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਵਿਰਕ ਦੇ ਇਲਾਜ ’ਤੇ ਹੋਏ ਖਰਚ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਚੁੱਕੇਗਾ। ਵਫਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸ. ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।
![](https://dailypost.in/wp-content/uploads/2021/10/virk.jpg)
ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਤੇ ਸ. ਸਿਰਸਾ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ’ਤੇ ਹੋਏ ਹਮਲੇ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸਨ ਤੇ ਇਸ ਹਮਲੇ ਦੀਆਂ ਵਾਇਰਲ ਵੀਡੀਓ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਰਕ ਨੂੰ 20 ਮੀਟਰ ਤੱਕ ਗੱਡੀ ਹੇਠ ਘੜੀਸਿਆ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ 4 ਘੰਟੇ ਤੱਕ ਚੱਲਿਆ ਅਪਰੇਸ਼ਨ ਸਫਲ ਰਿਹਾ ਹੈ ਤੇ ਵਿਰਕ ਦੀ ਸਿਹਤ ਹੁਣ ਸਥਿਰ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਦਾਰ ਵਿਰਕ ਜਲਦੀ ਹੀ ਮੁੜ ਤੋਂ ਕਿਸਾਨ ਸੰਘਰਸ਼ ਦਾ ਹਿੱਸਾ ਹੋਣਗੇ।
![](https://dailypost.in/wp-content/uploads/2021/10/virk-1.jpg)
ਇਸ ਮੌਕੇ ਪ੍ਰੋ. ਚੰਦੂਮਾਜਰਾ ਤੇ ਸ. ਸਿਰਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਅਸੀਂ ਸਾਰਿਆਂ ਨੇ ਸ਼ਾਂਤੀ ਤੇ ਸੰਜਮ ਨਾਲ ਇਹ ਲੜਾਈ ਲੜਨੀ ਹੈ ਜੋ ਕਿਸਾਨੀ ਦੀ ਤੇ ਦੇਸ਼ ਦੀ ਲੜਾਈ ਹੈ। ਇਸ ਮੌਕੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਵੀ ਸ. ਤੇਜਿੰਦਰ ਸਿੰਘ ਵਿਰਕ ਨਾਲ ਫੋਨ ’ਤੇ ਗੱਲਬਾਤ ਕਰਵਾਈ। ਬਾਦਲ ਨੇ ਸਰਦਾਰ ਵਿਰਕ ਦੇ ਛੇਤੀ ਤੰਦਰੁਸਤ ਹੋ ਕੇ ਕਿਸਾਨੀ ਦੀ ਸੇਵਾ ਵਿਚ ਜੁੱਟਣ ਦੀ ਅਰਦਾਸ ਕੀਤੀ।
ਇਸ ਮੌਕੇ ਬਾਦਲ ਨੇ ਐਲਾਨ ਕੀਤਾ ਕਿ ਕਿਉਂਕਿ ਸਰਦਾਰ ਵਿਰਕ ਇਸ ਵੇਲੇ ਕੌਮ ਅਤੇ ਦੇਸ਼ ਦੀ ਲੜਾਈ ਲੜ ਰਹੇ ਹਨ, ਇਸ ਲਈ ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਆਪ ਚੁੱਕਣਗੇ। ਇਸ ਮੌਕੇ ਤੇਜਿੰਦਰ ਸਿੰਘ ਵਿਰਕ ਨੇ ਆਪਣੇ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਤੇ ਸੰਜਮ ਕਾਇਮ ਰੱਖਣ ਤੇ ਕਿਹਾ ਕਿ ਆਪਾਂ ਸਾਰਿਆਂ ਨੇ ਰਲ ਕੇ ਇਹ ਲੜਾਈ ਜਿੱਤਣੀ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਠੀਕ ਹਾਂ ਤੇ ਇਹ ਸਭ ਸਾਥੀਆਂ ਦੀਆਂ ਦੁਆਵਾਂ ਤੇ ਪਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਜਲਦੀ ਹੀ ਅੰਦੋਲਨ ਲਈ ਸਰਗਰਮ ਹੋਣਗੇ।
ਦੇਖੋ ਵੀਡੀਓ : Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
![This image has an empty alt attribute; its file name is image-8.png](https://dailypost.in/wp-content/uploads/2021/10/image-8.png)