ਜਲੰਧਰ: ਪੇਂਡੂ ਆਬਾਦੀ ਦੇ ਟੀਕਾਕਰਨ ਵਿੱਚ ਮੋਹਰੀ ਜ਼ਿਲ੍ਹੇ ਵਜੋਂ ਉੱਭਰਦਿਆਂ ਜ਼ਿਲ੍ਹਾ ਜਲੰਧਰ ਨੇ ਆਦਮਪੁਰ ਕਮਿਊਨਿਟੀ ਹੈਲਥ ਸੈਂਟਰ ਅਧੀਨ ਆਉਂਦੇ 48 ਪਿੰਡਾਂ ਵਿੱਚ ਸੌ ਫੀਸਦੀ ਟੀਕਾਕਰਨ ਨੂੰ ਪੂਰਾ ਕਰ ਲਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪਿੰਡਾਂ ਵਿੱਚ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਇਸ ਵਿਸ਼ਾਲ ਮੁਹਿੰਮ ਤਹਿਤ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਉਕਤ 48 ਪਿੰਡਾਂ ਵਿੱਚ ਸਾਰੇ ਇਛੁੱਕ ਅਤੇ ਯੋਗ ਵਿਅਕਤੀਆਂ ਦਾ ਟੀਮਾਂ ਵੱਲੋਂ ਟੀਕਾਕਰਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ 20 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕਰਕੇ ਇੱਕ ਦੁਰਲੱਭ ਪ੍ਰਾਪਤੀ ਹਾਸਲ ਕੀਤੀ ਗਈ ਹੈ, ਜੋ ਕੁੱਲ ਯੋਗ ਲਾਭਪਾਤਰੀਆਂ ਦਾ 90 ਫੀਸਦੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵਾਇਰਸ ਤੋਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਈ ਅੱਗੇ ਆਉਣ ਦੀ ਅਪੀਲ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਮੋਬਾਈਲ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਸਕੇ। ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਸਮੇਂ ਸਿਰ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਪੰਚਾਇਤਾਂ ਅਤੇ ਸਰਪੰਚਾਂ ਦੇ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਵੱਲੋਂ ਇਨ੍ਹਾਂ ਯਤਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਪਿੰਡਾਂ ਨੂੰ ਵੀ ਵੈਕਸੀਨ ਦੀ ਉਪਲਬਧਤਾ ਦੇ ਅਨੁਸਾਰ ਕਵਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹੋਰਨਾਂ ਸਿਹਤ ਬਲਾਕਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਿੰਡਾਂ ਦੇ ਮੁਕੰਮਲ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਐਸ.ਐਮ.ਓ.ਆਦਮਪੁਰ ਸੀ.ਐਚ.ਸੀ. ਡਾ. ਰੀਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਦਮਪੁਰ ਹੈਲਥ ਬਲਾਕ ਵਿੱਚ ਸੌ ਫੀਸਦੀ ਟੀਕਾਕਰਨ ਪ੍ਰਾਪਤ ਕਰਨ ਤੋਂ ਕੇਵਲ ਬਾਰਾਂ ਪਿੰਡ ਰਹਿੰਦੇ ਹਨ, ਜਿਨ੍ਹਾਂ ਨੂੰ ਕੁਝ ਦਿਨਾਂ ਦੇ ਅੰਦਰ ਕਵਰ ਕਰ ਲਿਆ ਜਾਵੇਗਾ, ਜਿਸ ਸਦਕਾ ਬਲਾਕ ਆਪਣੇ ਸਮੁੱਚੇ ਪਿੰਡਾਂ ਵਿੱਚ ਸੌ ਫੀਸਦੀ ਟੀਕਾਕਰਨ ਨੂੰ ਕਵਰ ਕਰਨ ਵਾਲਾ ਜ਼ਿਲ੍ਹੇ ਵਿੱਚ ਪਹਿਲਾ ਬਲਾਕ ਬਣ ਜਾਵੇਗਾ ਕਿਉਂਕਿ ਬਾਕੀ ਰਹਿੰਦੇ 12 ਪਿੰਡਾਂ ਵਿੱਚ 95 ਫੀਸਦੀ ਤੋਂ ਜ਼ਿਆਦਾ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਹੀ ਕਵਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੈਕਸੀਨ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਮੋਬਾਈਲ ਕੈਂਪ ਲਗਾ ਕੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਆਦਮਪੁਰ ਹੈਲਥ ਬਲਾਕ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ 100 ਫੀਸਦੀ ਟੀਕਾਕਰਨ ਹਾਸਲ ਕਰਨ ਵਾਲਾ ਪਹਿਲਾ ਬਲਾਕ ਸੀ। ਐਸ.ਐਮ.ਓ. ਨੇ ਦੱਸਿਆ ਕਿ ਸੌ ਫੀਸਦੀ ਲਾਭਪਾਤਰੀਆਂ ਦੇ ਟੀਕਾਕਰਨ ਦਾ ਮਾਣ ਹਾਸਲ ਕਰਨ ਵਾਲੇ ਪਿੰਡਾਂ ਵਿੱਚ ਕਠਾਰ, ਕੋਟਲੀ ਸ਼ੇਖਾਂ, ਗੋਇਲ ਪਿੰਡ, ਜਗਨਪੁਰ, ਜਗਰਾਵਾਂ, ਦਿਆਨਤਪੁਰ, ਜਲਪੋਟ, ਢੰਡੌਰੀ, ਮੁਰਾਦਪੁਰ, ਤਲਵਾੜਾ, ਲੁਟੇਰਾ ਕਲਾਂ, ਤਲਵੰਡੀ, ਅਰਾਈਆਂ, ਖਿਆਲਾ, ਦੌਲਤਪੁਰ, ਮਦਾਰ, ਸੱਤੋਵਾਲੀ, ਲੁਟੇਰਾ ਖੁਰਦ, ਮਸਾਣੀਆਂ, ਧੋਗੜੀ, ਰਾਏਪੁਰ ਰਸੂਲਪੁਰ, ਕਾਹਨਪੁਰ, ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਬਚਿੰਤ ਨਗਰ, ਸਰਾਭਾ ਨਗਰ, ਨੂਰਪੁਰ ਕਾਲੋਨੀ, ਬਿਆਸ ਪਿੰਡ, ਮਾਣਕੋ, ਉਦੇਸੀਆਂ, ਚੂਹੜਵਾਲੀ, ਕਪੂਰ ਪਿੰਡ, ਲੇਸੜੀਵਾਲ, ਜੰਡੂ ਸਿੰਘਾ, ਮਹਿਮਦਪੁਰ, ਅਰਜਨਵਾਲ, ਬੁਲੰਦਪੁਰ, ਸੁੰਦਰ ਨਗਰ, ਘੁੜਿਆਲ, ਰਾਓਵਾਲੀ, ਹਰੀਪੁਰ, ਨਾਰੰਗਪੁਰ, ਖਿਚੀਪੁਰ, ਸਿਕੰਦਰਪੁਰ, ਚੁਖੀਆਰਾ, ਖੁਰਦਪੁਰ, ਕਡਿਆਣਾ, ਬਾਹੂਦੀਨਪੁਰ ਅਤੇ ਭਗਵਾਨਪੁਰ ਸ਼ਾਮਲ ਹਨ।