ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧ ਦੀ ਹਰੀਸ਼ ਰਾਵਤ ਨਾਲ ਮਿਲਣੀ ‘ਤੇ ਸੁਨੀਲ ਜਾਖੜ ਦੇ ਟਵੀਟ ਪਿੱਛੋਂ ਸਾਬਕਾ ਸੂਬਾ ਕਾਂਗਰਸ ਇੰਚਾਰਜ ਨੇ ਸਫਾਈ ਦਿੱਤੀ ਕਿ ਇਹ ਇੱਕ ਰਸਮੀ ਮੁਲਾਕਾਤ ਸੀ।
ਦੱਸ ਦੇਈਏ ਕਿ ਆਪਣੀ ਕੇਦਾਰਨਾਥ ਯਾਤਰਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ, ਜਿਸ ਨੂੰ ਜਾਖੜ ਵੱਲੋਂ ਸਿਆਸੀ ਮੁਲਾਕਾਤ ਦੇ ਨਜ਼ਰੀਏ ਨਾਲ ਜੋੜਿਆ ਜਾ ਰਿਹਾ ਸੀ।
ਹਰੀਸ਼ ਰਾਵਤ ਨੇ ਇਸ ਮੁਲਾਕਾਤ ਦੀਆਂ ਫੋਟੋਆਂ ਟਵੀਟ ਕਰਦੇ ਹੋਏ ਕਿਹਾ ਕਿ ਇੱਕ ਸ਼ਿਸ਼ਟਾਚਾਰ ਭਰੀ ਮੁਲਾਕਾਤ ਸੀ। ਇਸ ਦੌਰਾਨ ਉਨ੍ਹਾਂ ਨਾਲ ਨਵੇਂ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਵੀ ਮੌਜੂਦ ਸਨ। ਰਾਵਤ ਦੇ ਪਰਿਵਾਰਕ ਮੈਂਬਰ ਵੀ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕਬਾਨਾ ਰਿਜ਼ਾਰਟ ‘ਤੇ ਈਡੀ ਦੀ ਵੱਡੀ ਕਾਰਵਾਈ, ਇਸ ਮਾਮਲੇ ‘ਚ ਫਸਿਆ ਮਾਲਕ
ਦੱਸ ਦੇਈਏ ਕਿ ਸੁਨੀਲ ਜਾਖੜ ਨੇ ਸਿੱਧੂ-ਚੰਨੀ ਤੇ ਰਾਵਤ ਦੀ ਤਸਵੀਰ ਟਵੀਟ ਕਰਕੇ ਇਸ ਨੂੰ ‘ਸਿਆਸੀ ਤੀਰਥ ਅਸਥਾਨ’ ਕਹਿ ਕੇ ਟਿੱਚਰ ਕੀਤੀ ਸੀ, ਜਿਥੇ ਹਰ ਕੋਈ ਵੱਖਰੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਇੱਕ ਗੀਤ ਦੀ ਲਾਈਨ ਲਿਖੀ- ‘ਮੈਂ ਤਾਂ ਪੀਰ ਮਨਾਵਨ ਚੱਲੀ ਆਂ’ ਪਰ ਨਾਲ ਹੀ ਟਿੱਚਰ ਕਰਦਿਆਂ ਸਵਾਲ ਕੀਤਾ ਕਿ ਇਥੇ ਪੀਰ ਕੌਣ ਹੈ ਭਾਵ ਕੌਣ ਕਿਸ ਨੂੰ ਮਨਾ ਰਿਹਾ ਹੈ, ਇਹ ਪਤਾ ਨਹੀਂ ਚੱਲ ਰਿਹਾ।